ਹਰਿਆਣਾ ਦੇ 600 ਪਿੰਡ ਪਾਣੀ ‘ਚ ਡੁੱਬੇ, ਸਕੂਲ ‘ਚ ਫਸੀਆਂ 731 ਸਕੂਲੀ ਵਿਦਿਆਰਥਣਾਂ ਦਾ ਕੀਤਾ ਰੈਸਕਿਊ

ਅੰਬਾਲਾ- ਹਰਿਆਣਾ ‘ਚ 3 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਹੈ। ਇਨ੍ਹਾਂ ‘ਚ ਅੰਬਾਲਾ, ਕਰਨਾਲ ਅਤੇ ਪੰਚਕੂਲਾ ਸ਼ਾਮਲ ਹਨ। ਉੱਥੇ ਹੀ ਲਗਾਤਾਰ ਮੀਂਹ ਨਾਲ ਹਰਿਆਣਾ ਦੀ ਜੀਟੀ ਰੋਡ ਬੈਲਟ ਜ਼ਿਆਦਾ ਪ੍ਰਭਾਵਿਤ ਹੋਈ। ਇੱਥੇ ਕਰੀਬ 9 ਜ਼ਿਲ੍ਹਿਆਂ ਦੇ 600 ਪਿੰਡ ਪਾਣੀ ਨਾਲ ਪ੍ਰਭਾਵਿਤ ਹਨ। ਸਭ ਤੋਂ ਬੁਰੀ ਹਾਲਤ ਅੰਬਾਲਾ ਦੀ ਹੈ, ਜਿੱਥੇ ਅਜੇ ਵੀ 40 ਫੀਸਦੀ ਹਿੱਸੇ ‘ਚ ਪਾਣੀ ਭਰਿਆ ਹੋਇਆ ਹੈ। ਉੱਥੇ ਹੀ ਕੈਥਲ ‘ਚ ਘੱਗਰ ਨਦੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਉੱਪਰ ਵਹਿ ਰਹੀ ਹੈ, ਜਿਸ ਨਾਲ ਇੱਥੇ 12 ਪਿੰਡਾਂ ‘ਚ ਹੜ੍ਹ ਦਾ ਖ਼ਤਰਾ ਪੈ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪਹਿਲਾਂ ਤੋਂ ਤੈਅ ਅਰਬਨ ਲੋਕਲ ਬਾਡੀਜ਼ (ਯੂ.ਐੱਲ.ਬੀ.) ਦੀ ਮੀਟਿੰਗ ਰੱਦ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਗਰਾਊਂਡ ‘ਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੀਂਹ ਦੇ ਪਾਣੀ ਕਾਰਨ ਅੰਬਾਲਾ ਤੋਂ ਨਿਕਲ ਕੇ ਜਾਣ ਵਾਲੇ 7 ਵੱਡੇ ਰੋਡ ਬੰਦ ਹੋ ਗਏ ਹਨ।
ਇਨ੍ਹਾਂ ‘ਚ ਅੰਬਾਲਾ-ਚੰਡੀਗੜ੍ਹ, ਅੰਬਾਲਾ-ਸਹਾਰਨਪੁਰ, ਅੰਬਾਲਾ-ਦਿੱਲੀ, ਅੰਬਾਲਾ-ਜਲੰਧਰ, ਅੰਬਾਲਾ-ਹਿਸਾਰ, ਅੰਬਾਲਾ-ਯਮੁਨਾਨਗਰ ਨੈਸ਼ਨਲ ਹਾਈਵੇਅ ਅਤੇ ਅੰਬਾਲਾ-ਪੰਚਕੂਲਾ ਵਾਇਆ ਬਰਵਾਲਾ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੀਂਹ ਨੂੰ ਦੇਖਦੇ ਹੋਏ ਅੰਬਾਲਾ ਤੋਂ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਰੇਲ ਰੱਦ ਕਰ ਦਿੱਤੀ ਗਈ ਹੈ। ਅੰਬਾਲਾ ‘ਚ ਰੋਡ ਬੰਦ ਹੋਣ ਨਾਲ ਪੰਜਾਬ, ਹਿਮਾਚਲ, ਦਿੱਲੀ, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼-ਉੱਤਰਾਖੰਡ ਨਾਲ ਸੰਪਰਕ ਟੁੱਟ ਗਿਆ ਹੈ। ਰਾਜ ‘ਚ ਹੁਣ ਤੱਕ ਮੀਂਹ ਦੌਰਾਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਪੰਚਕੂਲਾ, ਕਰਨਾਲ, ਯਮੁਨਾਨਗਰ ਅਤੇ ਹੋਰ ਜ਼ਿਲ੍ਹਿਆਂ ‘ਚ ਹੋਈਆਂ ਹਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.), ਸਟੇਟ ਡਿਜਾਸਟਰ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਅਤੇ ਪੁਲਸ ਨੇ 2 ਹਜ਼ਾਰ ਲੋਕਾਂ ਦਾ ਰੈਸਕਿਊ ਕਰ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਅੰਬਾਲਾ ਦੇ ਚਮਨ ਵਾਟਿਕਾ ਸਕੂਲ ‘ਚ ਫਸੀਆਂ 731 ਵਿਦਿਆਰਥਣਾਂ ਨੂੰ ਫ਼ੌਜ ਦੇ ਜਵਾਨਾਂ ਨੇ ਰੈਸਕਿਊ ਕੀਤਾ।