ਕੋਚਿੰਗ ਸੈਂਟਰ ਤੋਂ ਘਰ ਜਾ ਰਹੀ 17 ਸਾਲਾ ਕੁੜੀ ਦਾ ਗੋਲੀ ਮਾਰ ਕੇ ਕਤਲ, ਮੌਤ

ਭੋਪਾਲ – ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ‘ਚ 11ਵੀਂ ਜਮਾਤ ਦੀ 17 ਸਾਲਾ ਇਕ ਵਿਦਿਆਰਥਣ ਨੂੰ ਕੋਚਿੰਗ ਸੈਂਟਰ ਤੋਂ ਘਰ ਆਉਂਦੇ ਸਮੇਂ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਕਰੀਬ 8 ਵਜੇ ਮਾਧਵਗੰਜ ਥਾਣਾ ਖੇਤਰ ਦੇ ਇਕ ਚੌਰਾਹੇ ‘ਤੇ ਹੋਈ।
ਪੁਲਸ ਸੁਪਰਡੈਂਟ ਰਾਜੇਸ਼ ਸਿੰਘ ਚੰਦੇਲ ਨੇ ਦੱਸਿਆ ਕਿ ਕੁੜੀ ਆਪਣੀ ਸਹੇਲੀ ਨਾਲ ਸਕੂਟਰ ‘ਤੇ ਜਾ ਰਹੀ ਸੀ, ਉਦੋਂ ਮੋਟਰਸਾਈਕਲ ਸਵਾਰ 3-4 ਲੋਕਾਂ ਨੇ ਉਸ ‘ਤੇ ਗੋਲੀਬਾਰੀ ਕੀਤੀ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਕੁਝ ਲੋਕਾਂ ਨੇ ਕੁੜੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਸੋਮਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਵੱਧ ਜਾਣਕਾਰੀ ਲਈ ਦੂਜੀ ਕੁੜੀ ਤੋਂ ਪੁੱਛ-ਗਿੱਛ ਕਰ ਰਹੀ ਹੈ, ਜੋ ਘਟਨਾ ਦੇ ਸਮੇਂ ਪੀੜਤ ਨਾਲ ਸਕੂਟਰ ‘ਤੇ ਸੀ। ਹਮਲਾਵਰਾਂ ਦੀ ਭਾਲ ਜਾਰੀ ਹੈ।