SFJ ਮੁਖੀ ਗੁਰਪਤਵੰਤ ਪੰਨੂ ਦੀ ਫਿਰ ਗਿੱਦੜ-ਭੱਬਕੀ, ਬੋਲਿਆ- ਨਿੱਝਰ ਦੀ ਮੌਤ ਦਾ ਬਦਲਾ ਲਵਾਂਗਾ

ਕੈਨੇਡਾ, ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ’ਚ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ ਨਾਕਾਮ ਰਹਿਣ ਦੇ ਬਾਵਜੂਦ ‘ਸਿੱਖਸ ਫਾਰ ਜਸਟਿਸ’ (ਐੱਸ. ਜੇ. ਐੱਫ.) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਸੁਧਰਣ ਦਾ ਨਾਂ ਨਹੀਂ ਲੈ ਰਿਹਾ ਹੈ। ਇਨ੍ਹਾਂ ਦੇਸ਼ਾਂ ’ਚ ਮੁੱਠੀ ਭਰ ਖਾਲਿਸਤਾਨੀਆਂ ਦੇ ਪ੍ਰਦਰਸ਼ਨ ਦੇ ਨਾਕਾਮ ਰਹਿਣ ਦੇ ਬਾਵਜੂਦ ਸਹਿਯੋਗੀ ਪੰਨੂ ਨੇ ਹੁਣ ਆਪਣੇ ਸਹਿਯੋਗੀ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ.ਐੱਫ.) ਦੇ ਮੁਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਬਦਲਾ ਲੈਣ ਦੀ ਗਿੱਦੜ ਭੱਬਕੀ ਦਿੱਤੀ ਹੈ। ਓਧਰ ਬੀਤੇ ਸ਼ਨੀਵਾਰ ਨੂੰ ਪ੍ਰਦਰਸ਼ਨ ਦੌਰਾਨ ਟੋਰਾਂਟੋ ਵਿਚ ਭਾਰਤੀ ਵਣਜ ਦੂਤਘਰ ਦੇ ਬਾਹਰ ਸੜਕ ’ਤੇ ਖਾਲਿਸਤਾਨੀ ਸਮਰਥਕ ਅਤੇ ਭਾਰਤੀ ਸਮਰਥਕ ਆਹਮੋ-ਸਾਹਮਣੇ ਆ ਗਏ ਸਨ। ਕੈਨੇਡਾ ਦੇ ਮੀਡੀਆ ਦੀ ਰਿਪੋਰਟ ਮੁਤਾਬਕ ਸੜਕ ’ਤੇ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ, ਉੱਥੇ ਹੀ ਭਾਰਤੀ ਭਾਈਚਾਰੇ ਦੇ ਲੋਕ ਤਿਰੰਗਾ ਲੈ ਕੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਦੇ ਜੈਕਾਰੇ ਉੱਚੇ ਸੁਰਾਂ ’ਚ ਲਾ ਰਹੇ ਸਨ।
ਕੀ ਹਨ ਖਾਲਿਸਤਾਨੀਆਂ ਦੇ ਦੋਸ਼?
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਖਾਲਿਸਤਾਨ ਸਮਰਥਕ ਨੇਤਾ ਹਰਦੀਪ ਸਿੰਘ ਨਿੱਝਰ ਦੀ ਮੌਤ ’ਚ ਭਾਰਤੀ ਏਜੰਸੀਆਂ ਦਾ ਹੱਥ ਹੈ, ਜਿਸ ਤੋਂ ਬਾਅਦ ਤੋਂ ਉਨ੍ਹਾਂ ਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ, ਹਾਲਾਂਕਿ ਕੈਨੇਡਾ ਪੁਲਸ ਇਸ ਗੱਲ ਤੋਂ ਪਹਿਲੇ ਹੀ ਇਨਕਾਰ ਕਰ ਚੁੱਕੀ ਹੈ। ਪੁਲਸ ਅਤੇ ਸਰਕਾਰ ਦਾ ਕਹਿਣਾ ਹੈ ਕਿ ਮਾਮਲੇ ’ਚ ਕਿਸੇ ਵੀ ਵਿਦੇਸ਼ੀ ਦਖਲਅੰਦਾਜ਼ੀ ਦਾ ਖਦਸ਼ਾ ਨਹੀਂ ਹੈ ਅਤੇ ਇਸ ਦੀ ਜਾਂਚ ਅਜੇ ਜਾਰੀ ਹੈ।
ਪੰਨੂ ਨੇ ਖਾਧੀ ਹੈ ਨਿੱਝਰ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ
ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੰਨੂ ਨੇ ਆਪਣੇ ਸਹਿਯੋਗੀ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਮੁੱਖ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ, ਜਿਸ ਦੀ 19 ਜੂਨ, 2023 ਨੂੰ ਕੈਨੇਡਾ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਨੂ ਨੇ ਕਿਹਾ ਹੈ ਕਿ ਹਰਦੀਪ ਨਿੱਝਰ ਮੇਰਾ ਛੋਟਾ ਭਰਾ ਸੀ ਅਤੇ ਸਾਡਾ 20 ਸਾਲ ਤੋਂ ਵੱਧ ਪੁਰਾਣਾ ਰਿਸ਼ਤਾ ਸੀ। ਅਸੀਂ ਉਸ ਦੀ ਮੌਤ ਦਾ ਬਦਲਾ ਲਵਾਂਗੇ। ਪੰਨੂ ਨੇ ਕਿਲ ਇੰਡੀਆ ਦੇ ਪੋਸਟਰਾਂ ਨੂੰ ਜਾਰੀ ਕਰਨ ਦੀ ਵੀ ਜ਼ਿੰਮੇਵਾਰੀ ਲਈ ਹੈ। ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਅਸੀਂ 15 ਅਗਸਤ ਤੋਂ ਪਹਿਲਾਂ ਹਰ ਉਸ ਦੇਸ਼ ’ਚ ਜਿੱਥੇ ਭਾਰਤੀ ਮਿਸ਼ਨ ਹੈ, ਇਨ੍ਹਾਂ ਸਿਆਸਤਦਾਨਾਂ ਦੇ ‘ਲੋੜੀਂਦੇ ਹਨ’ ਦੇ ਪੋਸਟਰ ਲਗਾਉਣ ਜਾ ਰਹੇ ਹਨ। ਉਸ ਨੇ ਕਿਹਾ ਕਿ ਸਾਡੇ ਪ੍ਰਚਾਰਕ 35 ਤੋਂ ਵੱਧ ਦੇਸ਼ਾਂ ’ਚ ਹਨ। ਅਸੀਂ ਦੁਨੀਆ ਭਰ ’ਚ ਬੈਨਰ ਅਤੇ ਪੋਸਟਰ ਲਗਾਵਾਂਗੇ। ਪੰਨੂ ਨੇ ਆਜ਼ਾਦੀ ਦਿਹਾੜੇ ਮੌਕੇ ’ਤੇ 15 ਅਗਸਤ ਨੂੰ ਫਿਰ ਤੋਂ ਭਾਰਤੀ ਸਿਆਸਤਦਾਨਾਂ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪੰਨੂ ਨੇ ਕਿਹਾ ਹੈ ਕਿ ਐੱਸ. ਜੇ. ਐੱਫ. ਹੁਣ ‘ਕਿਲ ਇੰਡੀਆ’ ਦੇ ਪੋਸਟਰ ਤੋਂ ਬਾਅਦ ਨਵਾਂ ਪੋਸਟਰ ਜਾਰੀ ਕਰਨ ਜਾ ਰਹੀ ਹੈ, ਜਿਸ ’ਤੇ ਲਿਖਿਆ ਹੋਵੇਗਾ ‘ਭਾਰਤੀ ਮਿਸ਼ਨ-ਅੱਤਵਾਦ ਦਾ ਘਰ’।
ਭਾਰਤੀਆਂ ’ਤੇ ਖਾਲਿਸਤਾਨੀਆਂ ਨੇ ਕੀਤੀ ਹਮਲੇ ਦੀ ਕੋਸ਼ਿਸ਼
ਟੋਰਾਂਟੋ ਵਿਚ ‘ਕਿੱਲ ਇੰਡੀਆ’ ਪ੍ਰਦਰਸ਼ਨ ਦੌਰਾਨ ਭਾਰਤੀ ਸਮਰਥਕਾਂ ਅਤੇ ਖਾਲਿਸਤਾਨੀਆਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਸਮਰਥਕਾਂ ’ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤਾ। ਮੀਡੀਆ ਰਿਪੋਰਟ ਮੁਤਾਬਕ ਗਿਣਤੀ ’ਚ ਘੱਟ ਹੋਣ ਦੇ ਬਾਵਜੂਦ ਭਾਰਤ ਸਮਰਥਕ ਪ੍ਰਦਰਸ਼ਨਕਾਰੀ ਖਾਲਿਸਤਾਨ ਸਮਰਥਕ ਸਮੂਹ ਵਲੋਂ ਕੀਤੇ ਗਏ ਹਮਲੇ ਦੀ ਕੋਸ਼ਿਸ਼ ਦੇ ਸਾਹਮਣੇ ਡਟੇ ਰਹੇ। ਇਕ ਭਾਰਤੀ ਸਮਰਥਕ ਨੇ ਖਾਲਿਸਤਾਨੀਆਂ ਵਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ। ਇਸ ਝੜਪ ਨੇ ਖਾਲਿਸਤਾਨ ਅੰਦੋਲਨ ਦੇ ਅੰਦਰ ਹਿੰਸਕ ਪ੍ਰਵਿਰਤੀਆਂ ਨੂੰ ਉਜਾਗਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਖਾਲਿਸਤਾਨ ਸਮਰਥਕ ਨੇ ਘੇਰਾਬੰਦੀ ਨੂੰ ਤੋੜ ਕੇ ਭਾਰਤੀ ਸਮਰਥਕ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਇਕ ਹੋਰ ਵਿਅਕਤੀ ਨੇ ਪੁਲਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਬਾਅਦ ’ਚ ਦੋਹਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਰਿਹਾਅ ਕਰ ਦਿੱਤਾ ਗਿਆ।
ਪ੍ਰਗਟਾਵੇ ਦੀ ਆਜ਼ਾਦੀ ਅੱਤਵਾਦ ਦਾ ਸਮਰਥਨ ਕਰਨਾ ਨਹੀਂ
ਭਾਰਤ ਦਾ ਇਲਜ਼ਾਮ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਵਰਤੋਂ ਹਿੰਸਾ, ਵੱਖਵਾਦ ਅਤੇ ਅੱਤਵਾਦ ਨੂੰ ਸਹੀ ਠਹਿਰਾਉਣ ਲਈ ਕੀਤੀ ਜਾ ਰਹੀ ਹੈ। ਹਾਲਾਂਕਿ ਭਾਰਤ ਖਿਲਾਫ ਪ੍ਰਦਰਸ਼ਨਾਂ ਅਤੇ ਸਿਆਸਤਦਾਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਅਪੀਲ ਕਰਨ ਵਾਲਿਆਂ ਨਾਲ ਜੁੜੇ ਸਵਾਲਾਂ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਹਿੰਸਾ ਅਤੇ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਨੇ ਹਮੇਸ਼ਾ ਅੱਤਵਾਦ ਖਿਲਾਫ ਗੰਭੀਰ ਕਾਰਵਾਈ ਕੀਤੀ ਹੈ। ਟਰੂਡੋ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਉਸ ਬਿਆਨ ’ਤੇ ਟਿੱਪਣੀ ਕਰ ਰਹੇ ਸਨ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ’ਚ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਇਸ ਲਈ ਵਧ ਰਹੀਆਂ ਹਨ, ਕਿਉਂਕਿ ਉਹ ਵੋਟ ਬੈਂਕ ਦੀ ਸਿਆਸਤ ਦਾ ਹਿੱਸਾ ਸਨ।
ਖਾਲਿਸਤਾਨੀਆਂ ਦੀ ਜੈਕੇਟ ’ਤੇ ਸੀ ਏ. ਕੇ-47 ਦੀ ਤਸਵੀਰ
ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਪੋਸਟਰ ਸਨ, ਜਿਸ ਦੀ ਹੁਣੇ ਜਿਹੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਹੱਤਿਆ ਕਰ ਦਿੱਤੀ ਗਈ ਸੀ। ਪੋਸਟਰਾਂ ’ਚ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਗਿਆ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਗ੍ਰੇਟਰ ਟੋਰਾਂਟੋ ਖੇਤਰ ’ਚ 16 ਜੁਲਾਈ ਨੂੰ ਹੋਣ ਵਾਲੇ ਤਥਾਕਥਿਤ ਪੰਜਾਬ ਰਾਏਸ਼ੁਮਾਰੀ ਸੰਗ੍ਰਹਿ ਦਾ ਵੀ ਪ੍ਰਚਾਰ ਕੀਤਾ। ਕੁਝ ਪ੍ਰਦਰਸ਼ਨਕਾਰੀਆਂ ਦੀਆਂ ਜੈਕੇਟਾਂ ’ਤੇ ਏ. ਕੇ. 47 ਦੀਆਂ ਤਸਵੀਰਾਂ ਸੀ ਅਤੇ ਉਨ੍ਹਾਂ ’ਤੇ ‘ਖਾਲਿਸਤਾਨ ਗਣਰਾਜ’ ਵੀ ਲਿਖਿਆ ਸੀ।
ਭਾਰਤ ਲਾ ਚੁੱਕਾ ਹੈ ਕੈਨੇਡਾ ’ਤੇ ਖਾਲਿਸਤਾਨੀਆਂ ਦੇ ਸਮਰਥਨ ਦਾ ਦੋਸ਼
ਕੈਨੇਡਾ ’ਚ ਖਾਲਿਸਤਾਨ ਸਮਰਥਕਾਂ ਦੇ ਵਿਰੋਧ-ਪ੍ਰਦਰਸ਼ਨਾਂ ਅਤੇ ਸਿਆਸਤਦਾਨਾਂ ਦੇ ਖਿਲਾਫ ਹਿੰਸਾ ਦੀਆਂ ਧਮਕੀਆਂ ਵਿਚ ਭਾਰਤ ਤੇ ਕੈਨੇਡਾ ਦੇ ਸਬੰਧਾਂ ’ਚ ਤਣਾਅ ਨਜ਼ਰ ਆਉਣ ਲੱਗਾ ਹੈ। ਭਾਰਤ ਨੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ’ਚ ਵੀ ਖਾਲਿਸਤਾਨ ਸਮਰਥਕ ਤੱਤਾਂ ਨੂੰ ਦਿੱਤੇ ਗਏ ਕਥਿਤ ਸਮਰਥਨ ਦਾ ਮੁੱਦਾ ਵੀ ਉਠਾਇਆ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਕੈਨੇਡਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਦਾ ਸਵਾਲ ਨਹੀਂ ਹੈ।