ਹਿਮਾਚਲ ‘ਚ ਭਾਰੀ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਸ਼ਿਮਲਾ – ਹਿਮਾਚਲ ਪ੍ਰਦੇਸ਼ ‘ਚ ਪੈ ਰਹੇ ਮੀਂਹ ਦਰਮਿਆਨ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵਲੋਂ ਹਿਮਾਚਲ ਪ੍ਰਦੇਸ਼ ‘ਚ 9 ਜੁਲਾਈ ਲਈ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨੂੰ ਦੇਖਦੇ ਹੋਏ ਪੂਰੇ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ 10 ਜੁਲਾਈ ਲਈ ਯੈਲੋ ਅਲਰਟ ਜਾਰੀ ਹੋਇਆ ਹੈ। ਪੂਰੇ ਪ੍ਰਦੇਸ਼ ‘ਚ 14 ਜੁਲਾਈ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਹਿਮਾਚਲ ਦੇ ਲਾਹੌਲ-ਸਪੀਤੀ ‘ਚ ਅਚਾਨਕ ਹੜ੍ਹ, ਜ਼ਮੀਨ ਖਿਸਕਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਸ਼ਨੀਵਾਰ ਦੁਪਹਿਰ ਤਾਜ਼ਾ ਮੌਸਮ ਭਵਿੱਖਬਾਣੀ ਅਨੁਸਾਰ ਪ੍ਰਦੇਸ਼ ਦੇ ਊਨਾ, ਬਿਲਾਸਪੁਰ, ਹਮੀਰਪੁਰ, ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਜ਼ਿਲ੍ਹੇ ਲਈ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਹੋਇਆ ਹੈ। ਉੱਥੇ ਹੀ ਸ਼ਿਮਲਾ, ਸੋਲਨ, ਸਿਰਮੌਰ ਅਤੇ ਲਾਹੌਲ-ਸਪੀਤੀ ਲਈ ਯੈਲੋ-ਓਰੇਂਜ ਅਰਲਟ ਜਾਰੀ ਹੋਇਆ ਹੈ। ਦੂਜੇ ਪਾਸੇ ਆਫ਼ਤ ਪ੍ਰਬੰਧਨ ਅਥਾਰਟੀ ਵਲੋਂ ਵੀ ਲੋਕਾਂ ਨੂੰ ਐੱਸ.ਐੱਮ.ਐੱਸ. ਰਾਹੀਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਰੈੱਡ ਅਲਰਟ ਦੇਖਦੇ ਹੋਏ ਮੌਸਮ ਵਿਭਾਗ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸੰਬੰਧਤ ਵਿਭਾਗਾਂ ਵਲੋਂ ਜਾਰੀ ਐਡਵਾਇਜ਼ਰੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਵਿਭਾਗ ਅਨੁਸਾਰ ਮੌਸਮ ਦੇ ਸੰਬੰਧ ‘ਚ ਜਾਰੀ ਕੀਤੀ ਗਈ ਆਵਾਜਾਈ ਸਲਾਹ ਦੀ ਪਾਲਣਾ ਕਰਨ। ਉਨ੍ਹਾਂ ਇਲਾਕਿਆਂ ‘ਚ ਜਾਣ ਤੋਂ ਬਚੋ, ਜਿੱਥੇ ਹਮੇਸ਼ਾ ਪਾਣੀ ਭਰਨ ਦੀ ਸਮੱਸਿਆ ਰਹਿੰਦੀ ਹੈ। ਨਦੀ-ਨਾਲਿਆਂ ਤੋਂ ਦੂਰ ਰਹੋ। ਆਪਣੀ ਮੰਜ਼ਿਲ ਲਈ ਰਵਾਨਾ ਹੋਣ ਤੋਂ ਪਹਿਲਾਂ ਸੜਕ ‘ਤੇ ਟਰੈਫਿਕ ਜਾਮ ਦਾ ਪਤਾ ਕਰੋ। ਅਸੁਰੱਖਿਅਤ ਥਾਵਾਂ ‘ਚ ਰਹਿਣ ਤੋਂ ਬਚੋ।