ਸਰਕਾਰ ਨੇ ਜਨਤਾ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਯੂ. ਸੀ. ਸੀ. ਦੀ ਗੁਗਲੀ ਸੁੱਟੀ ਹੈ: ਸਚਿਨ ਪਾਇਲਟ

ਨਵੀਂ ਦਿੱਲੀ,- ਦੇਸ਼ ’ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਨੂੰ ਲੈ ਕੇ ਛਿੜੀ ਬਹਿਸ ਦਰਮਿਆਨ ਕਾਂਗਰਸ ਦੇ ਸੀਨੀਅਰ ਨੇਤਾ ਸਚਿਨ ਪਾਇਲਟ ਨੇ ਕਿਹਾ ਕਿ ਬਿਨਾਂ ਕਿਸੇ ਠੋਸ ਪ੍ਰਸਤਾਵ ਦੇ ਇਸ ’ਤੇ ਗੱਲ ਕਰਨਾ ‘ਹਵਾ ’ਚ ਤੀਰ ਚਲਾਉਣ’ ਵਰਗਾ ਹੈ ਅਤੇ ਸਰਕਾਰ ਨੇ ਜਨਤਾ ਨਾਲ ਜੁਡ਼ੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ‘ਗੁਗਲੀ’ ਸੁੱਟੀ ਹੈ।
ਪਾਇਲਟ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰ ਯੂ. ਸੀ. ਸੀ. ਨੂੰ ਲੈ ਕੇ ਹੁਣ ਤੱਕ ਕੋਈ ਪ੍ਰਸਤਾਵ ਜਾਂ ਖਾਕਾ ਲੈ ਕੇ ਸਾਹਮਣੇ ਨਹੀਂ ਆਈ ਹੈ ਪਰ ਉਹ ਇਸ ਦੀ ਰਾਜਨੀਤਕ ਟੂਲ ਦੇ ਰੂਪ ’ਚ ਵਰਤੋਂ ਕਰ ਰਹੀ ਹੈ। ਉਨ੍ਹਾਂ ਯੂ. ਸੀ. ਸੀ. ’ਤੇ ਛਿੜੀ ਬਹਿਸ ਅਤੇ ਇਸ ’ਤੇ ਕਾਂਗਰਸ ਦੇ ਰੁਖ਼ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਯੂਨੀਫਾਰਮ ਸਿਵਲ ਕੋਡ ਕੀ ਹੈ, ਕੀ ਕੋਈ ਬਿੱਲ ਆਇਆ ਹੈ, ਕੀ ਕੋਈ ਪ੍ਰਸਤਾਵ ਆਇਆ ਹੈ, ਕੀ ਕੋਈ ਖਾਕਾ ਤਿਆਰ ਕੀਤਾ ਗਿਆ ਹੈ, ਪਤਾ ਹੀ ਨਹੀਂ ਹੈ। ਯੂ. ਸੀ. ਸੀ. ਦੇ ਨਾਂ ’ਤੇ ਵੱਖ-ਵੱਖ ਲੋਕ, ਵੱਖ-ਵੱਖ ਪਾਰਟੀਆਂ, ਵੱਖ-ਵੱਖ ਧਰਮਗੁਰੂ ਆਪਣੀ ਰਾਏ ਦੇ ਰਹੇ ਹਨ।’’