‘ਅਗਨੀਪਥ’ ਨੇ ਦੇਸ਼ ਦੀ ਸੇਵਾ ਕਰਨ ਦੇ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਕੀਤੇ : ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਐਤਵਾਰ ਨੂੰ ਫੌਜੀ ਭਰਤੀ ਯੋਜਨਾ ‘ਅਗਨੀਪਥ’ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਸੇਵਾ ਕਰਨ ਦੇ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ ਅਤੇ ਉਨ੍ਹਾਂ ਦੇ ਮਨ ’ਚ ਕਈ ਸ਼ੱਕ ਪੈਦਾ ਕੀਤੇ ਹਨ। ਸਰਕਾਰ ’ਤੇ ਕਾਂਗਰਸ ਜਰਨਲ ਸਕੱਤਰ ਜੈਰਾਮ ਰਮੇਸ਼ ਦਾ ਇਹ ਹਮਲਾ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਫੌਜ ’ਚ ‘ਅਗਨੀਵੀਰ’ ਦੇ ਰੂਪ ’ਚ ਸ਼ਾਮਲ ਹੋਣ ਵਾਲੇ ਨੌਜਵਾਨ ਅੱਧ ’ਚ ਹੀ ਸਿਖਲਾਈ ਛੱਡ ਰਹੇ ਹਨ।
ਰਮੇਸ਼ ਨੇ ਟਵੀਟ ਕੀਤਾ,‘‘ਪਹਿਲਾਂ ਫੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਨੌਜਵਾਨਾਂ ਦਾ ਸੁਪਨਾ ਹੁੰਦਾ ਸੀ। ਨੌਜਵਾਨਾਂ ਦੇ ਦੇਸ਼ ਸੇਵਾ ਦੇ ਸੰਕਲਪ ਦੀ ਇੱਜ਼ਤ ਕਰਦੇ ਹੋਏ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਅਤੇ ਨੌਕਰੀ ਦੀ ਸੁਰੱਖਿਆ ਦਿੱਤੀ ਜਾਂਦੀ ਸੀ।’’ ਉਨ੍ਹਾਂ ਕਿਹਾ,‘‘ਅਗਨੀਪਥ ਯੋਜਨਾ ਦੀ ਨੀਂਹ ਹੀ ਗਲਤ ਹੈ। ਇਸ ਨੇ ਨੌਜਵਾਨਾਂ ਦੇ ਦੇਸ਼ ਸੇਵਾ ਦੇ ਸੁਪਨਿਆਂ ਨੂੰ ਤੋੜ ਦਿੱਤਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਸ਼ੱਕ ਪੈਦਾ ਕੀਤੇ ਹਨ। ਨਤੀਜਾ ਸਾਹਮਣੇ ਹੈ।’’