ਪੰਜਾਬ ‘ਚ ਬਣੇ ਹੜ੍ਹ ਦੇ ਹਾਲਾਤ, ਪੰਜਾਬ-ਹਰਿਆਣਾ ਹਾਈਕੋਰਟ ਦੀ ਕਾਰਜਕਾਰਨੀ ਕਮੇਟੀ ਵੱਲੋਂ ਭਲਕੇ ਕੋਈ ਕੰਮ ਨਾ ਕਰਨ ਦਾ ਫ਼ੈਸਲਾ

ਜਲੰਧਰ/ਚੰਡੀਗੜ੍ਹ – ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੱਖ-ਵੱਖ ਇਲਾਕਿਆਂ ਵਿਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਮੋਹਾਲੀ ‘ਚ ਹਾਲਾਤ ਕਾਬੂ ਤੋਂ ਬਾਹਰ ਹੋਣ ‘ਤੇ ਐੱਨ. ਡੀ. ਆਰ. ਐੱਫ਼. ਦੀ ਟੀਮ ਬੁਲਾਈ ਗਈ ਹੈ। ਉਥੇ ਹੀ ਫਿਰੋਜ਼ਪੁਰ ਵਿੱਚ ਬਰਸਾਤੀ ਪਾਣੀ ਬਾਰਡਰ ਪਾਰ ਕਰ ਗਿਆ ਹੈ। ਬਾਰਿਸ਼ ਨਾਲ ਹਾਲਾਤ ਬਿਗੜਦੇ ਵੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਲਰਟ ਹਨ। ਉਨ੍ਹਾਂ ਨੇ ਵਿਧਾਇਕਾਂ ਅਧਿਕਾਰੀਆਂ ਨੂੰ ਫੀਲਡ ਵਿਚ ਜਾਣ ਦੇ ਹੁਕਮ ਦਿੱਤੇ ਹਨ।
ਉਥੇ ਹੀ ਪੰਜਾਬ ਵਿਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦਰਮਿਆਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਕਾਰਜਕਾਰਨੀ ਕਮੇਟੀ ਨੇ ਸਰਬਸੰਮਤੀ ਨਾਲ ਟ੍ਰਾਈਸਿਟੀ ਦੀਆਂ ਵੱਖ-ਵੱਖ ਥਾਵਾਂ ‘ਤੇ 10 ਜੁਲਾਈ ਨੂੰ ਕੋਈ ਕੰਮ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧ ਵਿੱਚ ਮਾਨਯੋਗ ਚੀਫ਼ ਜਸਟਿਸ ਨੂੰ ਪਹਿਲਾਂ ਹੀ ਇਕ ਬੇਨਤੀ ਪੱਤਰ ਭੇਜਿਆ ਜਾ ਚੁੱਕਾ ਹੈ ਕਿ ਵਕੀਲਾਂ ਦੀ ਹਾਜ਼ਰੀ ਨਾ ਹੋਣ ਕਾਰਨ ਕੋਈ ਉਲਟ ਹੁਕਮ ਪਾਸ ਨਾ ਕਰਨ।
ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫਲਡ ਕੰਟਰੋਲ ਯੂਨਿਟਸ ਨੂੰ ਐਕਟੀਵੇਟ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਡੀ. ਸੀ. ਦੀ ਨਿਗਰਾਨੀ ਵਿੱਚ ਫਲਡ ਕੰਟਰੋਲ ਯੂਨਿਟਸ ਦੇ ਰਾਹਤ ਕਾਰਜਾਂ ਵਿਚ ਲਗਾਇਆ ਗਿਆ ਹੈ। ਮੁੱਖ ਮੰਤਰੀ ਮਾਨ ਦੇ ਨਿਰਦੇਸ਼ਾਂ ‘ਤੇ ਸਾਰੇ ਮੰਤਰੀ, ਵਿਧਾਇਕ ਡੀ. ਸੀ. ਅਤੇ ਐੱਸ. ਐੱਸ. ਪੀ. ਫੀਲਡ ਵਿੱਚ ਹਨ।