ਦਿੱਲੀ ‘ਚ ਭਾਰੀ ਮੀਂਹ : ਕੇਜਰੀਵਾਲ ਨੇ ਰੱਦ ਕੀਤੀ ਸਾਰੇ ਮੰਤਰੀਆਂ-ਅਫ਼ਸਰਾਂ ਦੀ ਛੁੱਟੀ

ਨਵੀਂ ਦਿੱਲੀ ਦਿੱਲੀ ‘ਚ ਭਾਰੀ ਮੀਂਹ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਸਰਕਾਰੀ ਅਧਿਕਾਰੀਆਂ ਦੀ ਛੁੱਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਖੇਤਰਾਂ ‘ਚ ਜਾਣ ਦਾ ਨਿਰਦੇਸ਼ ਦਿੱਤਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਕੈਬਨਿਟ ਦੇ ਮੰਤਰੀ ਅਤੇ ਮੇਅਰ ਸ਼ੈਲੀ ਓਬਰਾਏ ਵੀ ਰਾਸ਼ਟਰੀ ਰਾਜਧਾਨੀ ‘ਚ ‘ਸਮੱਸਿਆ ਪੀੜਤ ਖੇਤਰਾਂ’ ਦਾ ਦੌਰਾ ਕਰੇਗੀ।
ਮੁੱਖ ਮੰਤਰੀ ਨੇ ਟਵੀਟ ਕੀਤਾ,”ਸ਼ਨੀਵਾਰ ਨੂੰ ਦਿੱਲੀ ‘ਚ 126 ਮਿਲੀਮੀਟਰ ਮੀਂਹ ਪਿਆ। ਲੋਕ ਸੜਕਾਂ ‘ਤੇ ਪਾਣੀ ਭਰਨ ਕਾਰਨ ਪਰੇਸ਼ਾਨ ਹੋਏ। ਅੱਜ ਦਿੱਲੀ ਦੇ ਸਾਰੇ ਮੰਤਰੀ ਅਤੇ ਮੇਅਰ ਸਮੱਸਿਆ ਪੀੜਤ ਇਲਾਕਿਆਂ ਦਾ ਦੌਰਾ ਕਰਨਗੇ। ਸਾਰੇ ਵਿਭਾਗ ਦੇ ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕਰ ਕੇ ਉਨ੍ਹਾਂ ਨੂੰ ਖੇਤਰ ‘ਚ ਜਾਣ ਦੇ ਨਿਰਦੇਸ਼ ਦਿੱਤੇ ਹਨ।” ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਐਤਵਾਰ ਸਵੇਰੇ 8.30 ਵਜੇ ਦਿੱਲੀ ‘ਚ ਪਿਛਲੇ 24 ਘੰਟਿਆਂ ‘ਚ 153 ਮਿਲੀਮੀਟਰ ਮੀਂਹ ਪਿਆ, ਜੋ 1982 ਦੇ ਬਾਅਦ ਤੋਂ ਜੁਲਾਈ ਦੇ ਮਹੀਨੇ ‘ਚ ਇਕ ਦਿਨ ‘ਚ ਸਭ ਤੋਂ ਵੱਧ ਮੀਂਹ ਹੈ।