ਭਾਰੀ ਬਾਰਿਸ਼ ਕਾਰਨ ਦੇਸ਼ ਦੇ 8 ਰਾਜਾਂ ’ਚ ਹੜ੍ਹਾਂ ਵਰਗੇ ਬਣੇ ਹਾਲਾਤ

ਖਰਾਬ ਮੌਸਮ ਦੇ ਚਲਦਿਆਂ ਪਵਿੱਤਰ ਅਮਰਨਾਥ ਯਾਤਰਾ ਦੂਜੇ ਦਿਨ ਵੀ ਰੋਕੀ ਗਈ
ਚੰਡੀਗੜ੍ਹ: ਦੇਸ਼ ’ਚ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ 8 ਰਾਜਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ’ਚ ਅਸਾਮ, ਹਿਮਾਚਲ ਪ੍ਰਦੇਸ਼, ਉਤਰਾਖੰਡ, ਕੇਰਲ, ਤੱਟਵਰਤੀ ਗੋਆ, ਕਰਨਾਟਕ ਅਤੇ ਨਾਗਾਲੈਂਡ ਦੇ ਕਈ ਇਲਾਕੇ ਸ਼ਾਮਲ ਹਨ। ਕਰਨਾਟਕ ’ਚ ਭਾਰੀ ਬਾਰਿਸ਼ ਦੇ ਚਲਦਿਆਂ ਹੁਣ ਤੱਕ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਜਦਕਿ ਉਤਰਾਖੰਡ ’ਚ 154 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਸਾਮ ਦੇ 6 ਜ਼ਿਲ੍ਹਿਆਂ ’ਚ 121 ਪਿੰਡਾਂ ਦੇ ਲਗਭਗ 22 ਹਜ਼ਾਰ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਗਲੇ 5 ਦਿਨਾਂ ਤੱਕ ਉਤਰ ਭਾਰਤ ’ਚ ਤੇਜ਼ ਬਾਰਿਸ਼ ਹੋ ਸਕਦੀ ਹੈ। ਉਧਰ ਜੰਮੂ-ਕਸ਼ਮੀਰ, ਉਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ’ਚ 8 ਅਤੇ 9 ਜੁਲਾਈ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਦੱਖਣੀ ਕਸ਼ਮੀਰ ’ਚ ਖਰਾਬ ਮੌਸਮ ਦੇ ਚਲਦਿਆਂ ਪਵਿੱਤਰ ਅਮਰਨਾਥ ਯਾਤਰ ਨੂੰ ਅੱਜ ਦੂਜੇ ਦਿਨ ਵੀ ਰੋਕ ਦਿੱਤਾ ਗਿਆ ਹੈ। ਭਾਰੀ ਬਾਰਿਸ਼ ਬਾਵਜੂਦ ਹੁਣ ਤੱਕ 84 ਹਜ਼ਾਰ ਤੋਂ ਵੱਧ ਸ਼ਰਧਾਲੂ ਬਰਫਾਨੀ ਬਾਬਾ ਦੇ ਦਰਸ਼ਨ ਕਰ ਚੁੱਕੇ ਹਨ ਪ੍ਰੰਤੂ ਅੱਜ ਖਰਾਬ ਮੌਸਮ ਦੇ ਚਲਦਿਆਂ ਅਮਰਨਾਥ ਗੁਫਾ ਵੱਲ ਕਿਸੇ ਵੀ ਸ਼ਰਧਾਲੂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਪੰਜਾਬ ਵਿਚ ਅੱਜ ਸ਼ਨੀਵਾਰ ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਇਸ ਬਾਰਿਸ਼ ਦੇ ਕੱਲ੍ਹ 9 ਜੁਲਾਈ ਤੱਕ ਜਾਰੀ ਰਹਿਣ ਅਨੁਮਾਨ ਮੌਸਮ ਵਿਭਾਗ ਲਗਾਇਆ ਜਾ ਰਿਹਾ ਹੈ।