ਜ਼ੇਲੇਂਸਕੀ ਨੇ ਬੁਲਗਾਰੀਆ ਤੇ ਚੈੱਕ ਗਣਰਾਜ ਦਾ ਕੀਤਾ ਦੌਰਾ

ਸੋਫੀਆ/ਬੁਲਗਾਰੀਆ– ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁਲਗਾਰੀਆ ਅਤੇ ਚੈੱਕ ਗਣਰਾਜ ਦੀਆਂ ਰਾਜਧਾਨੀਆਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਆਪਣੇ ਦੇਸ਼ ਲਈ ਫੌਜੀ ਸਹਾਇਤਾ ’ਤੇ ਚਰਚਾ ਕੀਤੀ। ਇਨ੍ਹਾਂ ਦੇਸ਼ਾਂ ਨੇ ਰੂਸ ਦੇ ਨਾਲ ਜੰਗ ਖਤਮ ਹੋ ਜਾਣ ਤੋਂ ਬਾਅਦ ਨਾਟੋ ਵਿਚ ਯੂਕ੍ਰੇਨ ਦੇ ਦਾਖਲੇ ਨੂੰ ਲੈ ਕੇ ਹਮਾਇਤ ਪ੍ਰਗਟ ਕੀਤੀ। ਚੈੱਕ ਰਾਸ਼ਟਰਪਤੀ ਪੈਟ੍ਰ ਪਾਵੇਲ ਨੇ ਵੀਰਵਾਰ ਨੂੰ ਕਿਹਾ ਕਿ ਜੰਗ ਦੀ ਸਮਾਪਤੀ ਤੋਂ ਬਾਅਦ ਜਿੰਨੀ ਛੇਤੀ ਹੋ ਸਕੇ ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਗੱਲਬਾਤ ਉਨ੍ਹਾਂ ਦੇ ਦੇਸ਼ ਅਤੇ ਯੂਕ੍ਰੇਨ ਦੇ ਹਿੱਤ ਵਿਚ ਹੋਵੇਗੀ। ਜ਼ੇਲੇਂਸਕੀ ਨੇ ਪ੍ਰਾਗ ਵਿਚ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਯੂਕ੍ਰੇਨ ਨਾਟੋ ਦਾ ਹਿੱਸਾ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਲਿਥੁਆਨੀਆ ਦੇ ਵਿਨੀਅਸ ਵਿਚ ਅਗਲੇ ਹਫਤੇ ਹੋਣ ਵਾਲੇ ਨਾਟੋ ਸਿਖਰ ਸੰਮੇਲਨ ਵਿਚ ਜੇਕਰ ਯੂਕ੍ਰੇਨ ਨੂੰ ਗਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਇਹ ਸੰਮੇਲਨ ਦਾ ‘ਆਦਰਸ਼ ਨਤੀਜਾ’ ਹੋਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜ਼ੇਲੇਂਸਕੀ ਨੇ ਬੁਲਗਾਰੀਆ ਦੀ ਨਵੀਂ ਪੱਛਮ ਹਮਾਇਤੀ ਸਰਕਾਰ ਦੇ ਸੱਦੇ ’ਤੇ ਉਥੋਂ ਦੀ ਇਕ ਸੰਖੇਪ ਯਾਤਰਾ ਕੀਤੀ ਅਤੇ ਯੂਰਪੀ ਏਕੀਕਰਣ ਤੇ ਦੋਪੱਖੀ ਊਰਜਾ ਸਹਿਯੋਗ ’ਤੇ ਚਰਚਾ ਕੀਤੀ। ਉਨ੍ਹਾਂ ਰੂਸੀ ਹਮਲੇ ਨਾਲ ਨਜਿੱਠਣ ਅਤੇ ਯੂਕ੍ਰੇਨ ਦੇ ਮਦਦ ਮੰਗਣ ਦੇ ਅਧਿਕਾਰ ਦਾ ਬਚਾਅ ਕੀਤਾ।