ਕੈਪਟਨ ਲਈ ਹਾਇਰ ਕੀਤੇ ਹੈਲੀਕਾਪਟਰ ਦਾ ਨਹੀਂ ਦਿੱਤਾ ਕਿਰਾਇਆ, ਅਦਾਲਤ ਪਹੁੰਚਿਆ ਮਾਮਲਾ

ਚੰਡੀਗੜ੍ਹ : 2019 ’ਚ ਲੋਕ ਸਭਾ ਚੋਣਾਂ ਸਮੇਂ ਪੰਜਾਬ ਵਿਚ ਪ੍ਰਚਾਰ ਲਈ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਲਈ ਇਕ ਹੈਲੀਕਾਪਟਰ ਹਾਇਰ ਕੀਤਾ ਸੀ। ਇਸ ਦਾ ਬਕਾਇਆ ਨਾ ਚੁਕਾਉਣ ’ਤੇ ਕੰਪਨੀ ਦੇ ਮਾਲਕ ਵਲੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਧਾਰਾ-156 ਤਹਿਤ ਦਾਖ਼ਲ ਐਪਲੀਕੇਸ਼ਨ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ’ਤੇ 8 ਅਗਸਤ ਨੂੰ ਸੁਣਵਾਈ ਹੋਵੇਗੀ।
2019 ਦੀਆਂ ਲੋਕ ਸਭਾ ਚੋਣਾਂ ਵਿਚ ਗ੍ਰੀਨ ਹਾਕ ਸਾਲਿਊਸ਼ਨ ਨਾਂ ਦੀ ਕੰਪਨੀ ਦੇ ਡਾਇਰੈਕਟਰ ਲੈਫਟੀਨੈਂਟ ਕਰਨਲ ਅਨਿਲ ਰਾਜ ਨਾਲ ਹੈਲੀਕਾਪਟਰ ਕਿਰਾਏ ’ਤੇ ਲੈਣ ਲਈ ਸਮਝੌਤਾ ਅਭਿਸ਼ੇਕ ਕਾਰਪੋਰੇਟ ਨਾਂ ਦੀ ਕੰਪਨੀ ਦੇ ਡਾਇਰੈਕਟਰ ਅਭਿਸ਼ੇਕ ਗੁਪਤਾ ਨੇ ਕੀਤਾ ਸੀ। ਚੰਡੀਗੜ੍ਹ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ ਦੀ ਜਾਂਚ ਵਿਚ ਦੱਸਿਆ ਗਿਆ ਕਿ ਕਰਨਲ ਆਰ. ਪੀ. ਐੱਸ. ਮਾਹਲ ਅਤੇ ਇਕ ਕੰਪਨੀ ਦੇ ਡਾਇਰੈਕਟਰ ਨੇ ਅਨਿਲ ਰਾਜ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਸਮੇਂ ’ਤੇ ਪੇਮੈਂਟ ਹੋਵੇਗੀ। ਅਨਿਲ ਰਾਜ ਨੇ ਤੇਲੰਗਾਨਾ ਵਿਚ ਕਿਰਾਏ ’ਤੇ ਚੱਲ ਰਹੇ ਹੈਲੀਕਾਪਟਰ ਨੂੰ ਵਾਪਸ ਸੱਦ ਲਿਆ, ਜਿਸ ਦੇ ਬਦਲੇ ਉਨ੍ਹਾਂ ਸਮਝੌਤੇ ਤਹਿਤ ਲਈ 4 ਕਰੋੜ ਤੋਂ ਜ਼ਿਆਦਾ ਦੀ ਰਕਮ ਵਾਪਸ ਕੀਤੀ ਸੀ। 27 ਮਾਰਚ 2019 ਨੂੰ ਅਭਿਸ਼ੇਕ ਗੁਪਤਾ ਵਲੋਂ ਤਿਆਰ ਐਗਰੀਮੈਂਟ ਅਨਿਲ ਰਾਜ ਨੂੰ ਵਿਖਾਇਆ ਗਿਆ, ਜਿਸ ਨੂੰ ਐਗਜ਼ੀਕਿਊਟ ਕਰਵਾਉਣ ਦੀ ਜ਼ਿੰਮੇਵਾਰੀ ਕੰਪਨੀ ਦੇ ਡਾਇਰੈਕਟਰ ਤੇ ਕਰਨਲ ਮਾਹਲ ਨੇ ਲਈ।
24 ਮਾਰਚ, 2019 ਨੂੰ ਅਨਿਲ ਰਾਜ ਦੀ ਮਾਂ ਦਾ ਆਸਟ੍ਰੇਲੀਆ ਵਿਚ ਦਿਹਾਂਤ ਹੋ ਗਿਆ, ਜਿਨ੍ਹਾਂ ਦੇ ਅੰਤਿਮ ਸੰਸਕਾਰ ਲਈ ਅਨਿਲ ਰਾਜ ਨੂੰ ਆਸਟ੍ਰੇਲੀਆ ਜਾਣਾ ਪੈ ਗਿਆ। ਕਰਨਲ ਮਾਹਲ ਅਤੇ ਕੰਪਨੀ ਦੇ ਡਾਇਰੈਕਟਰ ਨੇ ਜ਼ਿੰਮੇਵਾਰੀ ਲਈ ਸੀ ਕਿ ਹੈਲੀਕਾਪਟਰ ਦੀ ਦੇਖਭਾਲ ਅਤੇ ਕਿਰਾਏ ਦੀ ਚਿੰਤਾ ਨਾ ਕਰੋ, ਉਹ ਸੰਭਾਲ ਲੈਣਗੇ। ਅਨਿਲ ਰਾਜ ਆਸਟ੍ਰੇਲੀਆ ਚਲੇ ਗਏ ਅਤੇ ਵਾਪਸ ਆਏ ਤਾਂ ਮਈ 2019 ਤਕ ਹੈਲੀਕਾਪਟਰ ਦਾ 2 ਕਰੋੜ 10 ਲੱਖ ਰੁਪਇਆ ਬਾਕੀ ਕਿਰਾਇਆ ਸੀ।
ਪੁਲਸ ਦੀ ਜਾਂਚ ਰਿਪੋਰਟ ਅਨੁਸਾਰ ਅਨਿਲ ਰਾਜ ਨੇ ਵਾਰ-ਵਾਰ ਦੋਵਾਂ ਨਾਲ ਪੇਮੈਂਟ ਦੇਣ ਦੀ ਗੱਲ ਕੀਤੀ ਪਰ ਬਾਅਦ ਵਿਚ ਉਨ੍ਹਾਂ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਲੈਫਟੀਨੈਂਟ ਕਰਨਲ ਅਨਿਲ ਰਾਜ ਇਸ ਸਬੰਧੀ ਕੈ. ਅਮਰਿੰਦਰ ਸਿੰਘ ਨੂੰ ਮਿਲ ਕੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਫ਼ੀ ਗਹਿਮਾ-ਗਹਿਮੀ ਤੋਂ ਬਾਅਦ ਕੰਪਨੀ ਦੇ ਡਾਇਰੈਕਟਰ ਨੇ ਇਕ ਕਰੋੜ ਰੁਪਏ ਅਨਿਲ ਰਾਜ ਨੂੰ ਦਿੱਤੇ ਅਤੇ ਬਾਕੀ ਰਕਮ 15 ਦਿਨ ਵਿਚ ਦੇਣ ਦਾ ਵਾਅਦਾ ਕੀਤਾ ਜੋ ਅੱਜ ਤਕ ਨਹੀਂ ਮਿਲੀ।
ਅਨਿਲ ਰਾਜ ਦੀ ਸ਼ਿਕਾਇਤ ’ਤੇ ਹੋਈ ਜਾਂਚ ਵਿਚ ਐਕਸਿਸ ਬੈਂਕ ਦਾ ਰਿਕਾਰਡ ਵੀ ਜਾਚਿਆ ਗਿਆ ਜਿੱਥੇ ਅਨਿਲ ਰਾਜ ਦੀ ਕੰਪਨੀ ਦਾ ਖਾਤਾ ਹੈ। ਜਾਂਚ ਵਿਚ ਪਾਇਆ ਗਿਆ ਕਿ ਗ੍ਰੀਨ ਹਾਕ ਸਾਲਿਊਸ਼ਨ ਨਾਂ ਦੀ ਕੰਪਨੀ ਦੇ ਖਾਤੇ ਵਿਚ ਹੈਲੀਕਾਪਟਰ ਦੇ ਕਿਰਾਏ ਦੇ ਰੂਪ ਵਿਚ ਵੱਖ-ਵੱਖ ਕੰਪਨੀਆਂ ਨਾਲ ਸਾਢੇ 5 ਕਰੋੜ ਰੁਪਏ ਦੀ ਟਰਾਂਜ਼ੈਕਸ਼ਨ ਹੋਈ ਜੋ ਕਿ ਹੈਲੀਕਾਪਟਰ ਕਿਰਾਏ ਦੀ ਸੀ। ਆਰਥਿਕ ਅਪਰਾਧ ਸ਼ਾਖਾ ਨੇ ਜਾਂਚ ਰਿਪੋਰਟ ਵਿਚ ਕੰਪਨੀ ਦੇ ਡਾਇਰੈਕਟਰ ਅਤੇ ਕਰਨਲ ਆਰ. ਪੀ. ਐੱਸ. ਮਾਹਲ ਨੂੰ ਦੋਸ਼ੀ ਪਾਇਆ ਸੀ।
ਅਨਿਲ ਰਾਜ ਅਨੁਸਾਰ ਜਾਂਚ ਤੋਂ ਬਾਅਦ ਐੱਫ. ਆਈ. ਆਰ. ਦਰਜ ਹੋਣੀ ਸੀ ਪਰ ਜਾਂਚ ਰਿਪੋਰਟ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਪੁਲਸ ਨੂੰ ਭੇਜ ਦਿੱਤੀ ਗਈ ਜੋ ਕਿ ਇਕ ਸਾਲ ਤਕ ਦਬਾਈ ਰੱਖੀ ਗਈ। ਅਨਿਲ ਰਾਜ ਅਨੁਸਾਰ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਅਤੇ ਉਨ੍ਹਾਂ ਖ਼ਿਲਾਫ਼ ਪੰਜਾਬ ਵਿਚ 2 ਜਗ੍ਹਾ ਝੂਠੇ ਮਾਮਲੇ ਦਰਜ ਕਰਵਾਏ ਗਏ। ਧਮਕੀਆਂ ਦੀ ਸ਼ਿਕਾਇਤ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਅਨਿਲ ਰਾਜ ਨੇ ਚੰਡੀਗੜ੍ਹ ਦੇ ਪੁਲਸ ਮੁਖੀ ਪ੍ਰਵੀਰ ਰੰਜਨ ਨੂੰ ਵੀ ਮੇਲ ਕੀਤੀ ਸੀ ਅਤੇ ਐੱਸ. ਐੱਸ. ਪੀ . ਨੂੰ ਵੀ ਸੂਚਿਤ ਕੀਤਾ ਸੀ। ਇਹੀ ਨਹੀਂ ਐੱਸ. ਐੱਸ. ਪੀ . ਆਫਿਸ ਵਿਚ ਪਬਲਿਕ ਵਿੰਡੋ ਵਿਚ ਵੀ ਐੱਸ. ਐੱਸ. ਪੀ . ਰਾਜ ਨੇ 2 ਮਾਰਚ, 2023 ਨੂੰ ਸ਼ਿਕਾਇਤ ਦਿੱਤੀ ਸੀ।
7 ਮਾਰਚ ਨੂੰ ਆਈ. ਜੀ. ਪੁਲਸ ਵਲੋਂ ਐੱਸ. ਪੀ. ਆਰਥਿਕ ਆਪਰਾਧ ਸ਼ਾਖਾ ਨੂੰ ਮਾਰਕ ਕੀਤੀ ਹੋਈ ਹੈ। ਐੱਸ. ਐੱਸ. ਪੀ . ਰਾਜ ਨੇ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਧਾਰਾ-156 ਤਹਿਤ ਐਪਲੀਕੇਸ਼ਨ ਫਾਈਲ ਕੀਤੀ ਹੈ, ਜਿਸ ਨੂੰ ਜ਼ਿਲ੍ਹਾ ਅਦਾਲਤ ਦੇ ਜੱਜ ਕਰਣਵੀਰ ਨੇ ਸਵੀਕਾਰ ਕਰ ਲਿਆ ਹੈ। ਮਾਮਲੇ ਦੀ ਸੁਣਵਾਈ 8 ਅਗਸਤ ਨੂੰ ਯਕੀਨੀ ਹੈ। ਉਕਤ ਮਾਮਲੇ ਵਿਚ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕੀਤਾ ਹੈ।