ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲਗਾਇਆ ਝੋਨਾ

ਦਿੱਲੀ ਤੋਂ ਸ਼ਿਮਲਾ ਜਾਂਦੇ ਸਮੇਂ ਸੋਨੀਪਤ ਦੇ ਮਦੀਨਾ ਪਿੰਡ ’ਚ ਰੁਕੇ ਅਤੇ ਟਰੈਕਟਰ ਵੀ ਚਲਾਇਆ
ਸੋਨੀਪ : ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਸ਼ਨੀਵਾਰ ਨੂੰ ਦਿੱਲੀ ਤੋਂ ਸ਼ਿਮਲਾ ਜਾਂਦੇ ਸਮੇਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਪਿੰਡ ਮਦੀਨਾ ਵਿਚ ਕੁੱਝ ਸਮੇਂ ਲਈ ਰੁਕੇ। ਇਥੇ ਉਨ੍ਹਾਂ ਕਿਸਾਨਾਂ ਦੇ ਨਾਲ ਮਿਲ ਕੇ ਖੇਤਾਂ ’ਚ ਝੋਨਾ ਲਗਾਇਆ ਅਤੇ ਟਰੈਕਟਰ ਵੀ ਚਲਾਇਆ। ਇਸ ਮੌਕੇ ਰਾਹੁਲ ਗਾਂਧੀ ਨੇ ਕਿਸਾਨਾਂ, ਖੇਤ ਮਜ਼ਦੂਰਾਂ ਨਾਲ ਖੇਤੀ ਅਤੇ ਕਿਸਾਨੀ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਉਥੇ ਹੀ ਬੈਠ ਕੇ ਨਾਸ਼ਤਾ ਵੀ ਕੀਤਾ। ਰਾਹੁਲ ਗਾਂਧੀ ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ ਅਤੇ ਜਦੋਂ ਉਹ ਜੀਟੀ ਰੋਡ ’ਤੇ ਕੁੰਡਲੀ ਬਾਰਡਰ ’ਤੇ ਪਹੁੰਚੇ ਤਾਂ ਉਨ੍ਹਾਂ ਕਿਸਾਨਾਂ ਕੋਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਸ ਤੋਂ ਬਾਅਦ ਉਹ ਆਪਣੇ ਰੂਟ ਤੋਂ ਹਟ ਕੇ ਲਗਭਗ 50 ਕਿਲੋਮੀਟਰ ਦੂਰ ਬਰੋਦਾ ਵਿਧਾਨ ਸਭਾ ਹਲਕੇ ਦੇ ਪਿੰਡ ਮਦੀਨਾ ’ਚ ਪਹੁੰਚੇ ਅਤੇ ਇਥੇ ਉਨ੍ਹਾਂ ਲਗਭਗ ਦੋ ਘੰਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਬਿਤਾਏ। ਰਾਹੁਲ ਗਾਂਧੀ ਦੇ ਸੋਨੀਪਤ ਦੇ ਖੇਤਾਂ ’ਚ ਪਹੁੰਚਣ ਦਾ ਪਤਾ ਚਲਦਿਆਂ ਹੀ ਬਰੋਦਾ ਤੋਂ ਕਾਂਗਰਸੀ ਵਿਧਾਇਕ ਇੰਦਰਾਜ ਨਰਵਾਲ ਅਤੇ ਗੋਹਾਨਾ ਦੇ ਵਿਧਾਇਕ ਜਗਬੀਰ ਮਲਿਕ ਵੀ ਉਥੇ ਪਹੁੰਚੇ। ਵਿਧਾਇਕ ਨਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਆਉਣ ਸਬੰਧੀ ਕੋਈ ਸੂਚਨਾ ਨਹੀਂ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਖੇਤ ਮਜ਼ਦੂਰਾਂ ਕੋਲੋਂ ਮਿਲੀ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਟਰੱਕ ਡਰਾਈਵਰਾਂ ਨਾਲ ਸਫ਼ਰ ਕਰਕੇ ਵੀ ਸਮਾਂ ਬਿਤਾ ਚੁੱਕੇ ਹਨ।