ਅਕਾਲੀ-ਭਾਜਪਾ ਗੱਠਜੋੜ ਸਬੰਧੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ

ਕਿਹਾ : ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਨਹੀਂ ਹੋਵੇਗਾ ਚੋਣ ਗੱਠਜੋੜ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਸੁਨੀਲ ਜਾਖੜ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਪਹਿਲੀ ਵਾਰ ਖੁੱਲ੍ਹ ਕੇ ਬੋਲੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਗੱਠਜੋੜ ਨੂੰ ਲੈ ਕੇ ਭਾਜਪਾ ਹਾਈ ਕਮਾਂਡ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹਾ ਕੋਈ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਅਤੇ ਨਗਰ ਨਿਗਮ ਚੋਣਾਂ ਆਪਣੇ ਦਮ ’ਤੇ ਲੜੇਗੀ ਅਤੇ ਸ਼ੋ੍ਰਮਣੀ ਅਕਾਲੀ ਦਲ ਨਾਲ ਕੋਈ ਚੋਣ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਹੈ ਅਤੇ ਕਿਸੇ ਵੀ ਸੀਨੀਅਰ ਆਗੂ ਨੇ ਗੱਠਜੋੜ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ। ਸੁਨੀਲ ਜਾਖੜ ਨੇ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸ਼ੋ੍ਰਮਣੀ ਅਕਾਲੀ ਅਤੇ ਭਾਜਪਾ ਦਰਮਿਆਨ ਗੱਠਜੋੜ ਨਹੀਂ ਹੋਵੇਗਾ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਸਬੰਧੀ ਬੋਲਦਿਆਂ ਕਿਹਾ ਕਿ ਮੈਂ ਬਚਪਨ ਤੋਂ ਕਾਂਗਰਸ ਪਾਰਟੀ ਦੀ ਤਨ ਮਨ ਨਾਲ ਸੇਵਾ ਕੀਤੀ ਪ੍ਰੰਤੂ ਕਾਂਗਰਸ ਪਾਰਟੀ ਨੂੰ ਜੋ ਮੇਰੇ ਅੰਦਰ 50 ਸਾਲਾਂ ’ਚ ਨਜ਼ਰ ਨਹੀਂ ਆਇਆ ਭਾਜਪਾ ਨੇ ਉਸ ਦੀ ਪਹਿਚਾਣ 1 ਸਾਲ ਦੇ ਅੰਦਰ ਹੀ ਕਰ ਲਈ। ਕਾਂਗਰਸ ਪਾਰਟੀ ਮੇਰੇ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਜਜ਼ਬੇ ਨੂੰ ਨਹੀਂ ਪਹਿਚਾਣ ਸਕੀ। ਸੁਨੀਲ ਜਾਖੜ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਹਰ ਪਲ ਪੰਜਾਬ ਦੇ ਲਈ ਹੈ ਅਤੇ ਇਹੀ ਗੱਲ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮੇਰੇ ਵਿਚ ਨਜ਼ਰ ਆਈ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਜਮ ਕੇ ਸਿਆਸੀ ਨਿਸ਼ਾਨੇ ਸਾਧੇ।