ਸ਼ਰਾਬ ਨੀਤੀ ਘਪਲਾ : ED ਨੇ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਥਿਤ ਸਹਿਯੋਗੀ ਅਤੇ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਵੀਰਵਾਰ ਸ਼ਾਮ ਦਿੱਲੀ ਆਬਕਾਰੀ ਨੀਤੀ ਘਪਲੇ ਦੇ ਸਬੰਧ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗ੍ਰਿਫ਼ਤਾਰ ਕਰ ਲਿਆ ਹੈ।
ਈਡੀ ਦੇ ਕੇਂਦਰੀ ਦਿੱਲੀ ਦਫ਼ਤਰ ‘ਚ ਰਾਤ ਬਿਤਾਉਣ ਤੋਂ ਬਾਅਦ ਅਰੋੜਾ ਨੂੰ ਸ਼ੁੱਕਰਵਾਰ ਇਕ ਮਨੋਨੀਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਈਡੀ ਉਸ ਦੀ ਹਿਰਾਸਤ ਦੀ ਮੰਗ ਕਰੇਗਾ। ਈਡੀ ਨੇ ਪਹਿਲਾਂ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਕਾਰੋਬਾਰੀ ਦਿਨੇਸ਼ ਅਰੋੜਾ ਕਥਿਤ ਤੌਰ ‘ਤੇ ‘ਆਪ’ ਦੇ ਸੰਚਾਰ ਇੰਚਾਰਜ ਵਿਜੇ ਨਾਇਰ ਨਾਲ ਨੇੜਿਓਂ ਕੰਮ ਕਰਦਾ ਸੀ। ਈਡੀ ਮੁਤਾਬਕ ਅਰੋੜਾ ਨੇ ਐਕਸਾਈਜ਼ ਡਿਊਟੀ ਨੀਤੀ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਵੀ ਕੀਤੀ ਸੀ।
ਅਰੋੜਾ ਨੂੰ ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ ਦੇ ਮਾਮਲੇ ‘ਚ ਸਰਕਾਰੀ ਗਵਾਹ ਬਣਾਇਆ ਗਿਆ ਸੀ ਪਰ ਉਪਲਬਧ ਸਬੂਤਾਂ ਦੇ ਆਧਾਰ ‘ਤੇ ਵਿੱਤੀ ਜਾਂਚ ਏਜੰਸੀ ਨੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਨੇ ਉਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਪੁੱਛਗਿੱਛ ਕੀਤੀ ਹੈ ਪਰ ਅੱਜ ਜਦੋਂ ਉਸ ਨੂੰ ਤੱਥਾਂ ਦਾ ਸਾਹਮਣਾ ਕਰਨਾ ਪਿਆ ਤਾਂ ਅਰੋੜਾ ਆਪਣੇ-ਆਪ ਨੂੰ ਸਮਝਾਉਣ ‘ਚ ਅਸਫਲ ਰਿਹਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।