ਪੰਜਾਬ ‘ਚ UPSC ਦੀ ਕੋਚਿੰਗ ਲੈਣ ਵਾਲੇ ਮੁੰਡੇ-ਕੁੜੀਆਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ‘ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਦੀ ਕੋਚਿੰਗ ਲੈਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਨੂੰ ਖ਼ੁਸ਼ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਪ੍ਰਦਾਨ ਕਰਨ ਲਈ 8 ਹਾਈਟੈੱਕ ਸੈਂਟਰ ਖੋਲ੍ਹ ਰਹੀ ਹੈ। ਇਨ੍ਹਾਂ ਸੈਂਟਰਾਂ ‘ਚ ਯੂ. ਪੀ. ਐੱਸ. ਸੀ. ਦੀ ਕੋਚਿੰਗ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਰਹਿਣ ਅਤੇ ਖਾਣ-ਪੀਣ ਦੀ ਵੀ ਵਿਵਸਥਾ ਵੀ ਮੁਫ਼ਤ ਹੋਵੇਗੀ।
ਇਹ ਕੇਂਦਰ ਨੌਜਵਾਨਾਂ ਨੂੰ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ‘ਚ ਉੱਚ ਅਹੁਦਿਆਂ ’ਤੇ ਪਹੁੰਚਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਦੇ ਨਿੱਜੀ ਕੋਚਿੰਗ ਸੈਂਟਰ ਬਹੁਤ ਮਹਿੰਗੇ ਹਨ ਅਤੇ ਫ਼ੀਸਾਂ ਵੀ ਬਹੁਤ ਜ਼ਿਆਦਾ ਹਨ। ਵਿਦਿਆਰਥੀਆਂ ਨੂੰ ਹੋਸਟਲਾਂ ਅਤੇ ਕਿਰਾਏ ਦੇ ਪੀ. ਜੀ. ‘ਚ ਰਹਿਣਾ ਪੈਂਦਾ ਹੈ।
ਇਸ ਲਈ ਸਰਕਾਰ ਨੇ 8 ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ, ਜਿਸ ‘ਚ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਅਤੇ ਕਿਸੇ ਦਾ ਨੀਲਾ ਕਾਰਡ ਜਾਂ ਬੀ. ਪੀ. ਐੱਲ. ਕਾਰਡ ਨਹੀਂ ਦੇਖਿਆ ਜਾਵੇਗਾ, ਸਗੋਂ ਜਿਹੜਾ ਵੀ ਵਿਦਿਆਰਥੀ ਸੈਂਟਰ ‘ਚ ਆਵੇਗਾ, ਉਸ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਨਿੱਜੀ ਕੋਚਿੰਗ ਸੈਟਰਾਂ ‘ਚ ਯੂ. ਪੀ.ਐੱਸ. ਸੀ. ਦੀ ਤਿਆਰੀ ਖ਼ਾਤਰ ਮੋਟੀ ਰਕਮ ਨਹੀਂ ਦੇਣੀ ਪਵੇਗੀ।