ਬੰਦੇ ਭਾਰਤ ਟਰੇਨਾਂ ਦਾ 30 ਫੀਸਦੀ ਤੱਕ ਘਟ ਸਕਦਾ ਹੈ ਕਿਰਾਇਆ

ਘੱਟ ਦੂਰੀ ਵਾਲੇ ਰੂਟਾਂ ’ਤੇ ਯਾਤਰੀਆਂ ਦੀ ਕਮੀ ਨੂੰ ਦੇਖਦਿਆਂ ਲਿਆ ਜਾ ਸਕਦਾ ਹੈ ਫੈਸਲਾ
ਨਵੀਂ ਦਿੱਲੀ : ਬੰਦੇ ਭਾਰਤ ਐਕਸਪ੍ਰੈਸ ਟਰੇਨਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਜਲਦੀ ਹੀ ਇਕ ਚੰਗੀ ਖਬਰ ਮਿਲ ਸਕਦੀ ਹੈ। ਰੇਲਵੇ ਵਿਭਾਗ ਵੱਲੋਂ ਘੱਟ ਦੂਰੀ ਅਤੇ ਘੱਟ ਯਾਤਰੀਆਂ ਵਾਲੀਆਂ ਕੁੱਝ ਬੰਦੇ ਭਾਰਤ ਐਕਸਪ੍ਰੈਸ ਟਰੇਨਾਂ ਦਾ ਕਿਰਾਇਆ ਘੱਟ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘੱਟ ਦੂਰੀ ਵਾਲੀਆਂ ਕੁੱਝ ਬੰਦੇ ਭਾਰਤ ਐਕਸਪ੍ਰੈਸ ਟਰੇਨਾਂ ਦੀਆਂ ਸੀਟਾਂ ਪੂਰੀ ਤਰ੍ਹਾਂ ਨਾਲ ਫੁੱਲ ਨਹੀਂ ਹੋ ਪਾ ਰਹੀਆਂ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਰਾਏ ਸਬੰਧੀ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਜਲਦੀ ਹੀ 25 ਫੀਸਦੀ ਤੋਂ 30 ਫੀਸਦੀ ਤੱਕ ਕਿਰਾਇਆ ਘੱਟ ਹੋ ਸਕਦਾ ਹੈ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇੰਦੌਰ-ਭੋਪਾਲ, ਭੋਪਾਲ-ਜਬਲਪੁਰ ਅਤੇ ਨਾਗਪੁਰ-ਬਿਲਾਸਪੁਰ ਐਕਸਪ੍ਰੈਸ ਸਮੇਤ ਹੋਰ ਬੰਦੇ ਭਾਰਤ ਟਰੇਨਾਂ ਦੇ ਕਿਰਾਏ ’ਚ ਵੀ ਕਟੌਤੀ ਕੀਤੀ ਜਾ ਸਕਦੀ ਹੈ। ਲੰਘੇ ਜੂਨ ਮਹੀਨੇ ਦੌਰਾਨ ਭੋਪਾਲ-ਜਬਲਪੁਰ ਬੰਦੇ ਭਾਰਤ ਐਕਸਪ੍ਰੈਸ ਟਰੇਨ ’ਚ ਸਿਰਫ਼ 29 ਫੀਸਦੀ ਸੀਟਾਂ ਹੀ ਭਰੀਆਂ ਸਨ ਜਦਕਿ ਇੰਦੌਰ-ਭੋਪਾਲ ਬੰਦੇ ਭਾਰਤ ਐਕਸਪ੍ਰੈਸ ’ਚ ਕੇਵਲ 21 ਫੀਸਦੀ ਸੀਟਾਂ ਭਰੀਆਂ ਸਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁੱਝ ਬੰਦੇ ਭਾਰਤ ਐਕਸਪ੍ਰੈਸ ਟਰੇਨਾਂ ਦਾ ਕਿਰਾਇਆ ਘੱਟ ਕਰਨ ’ਤੇ ਵਿਚਾਰ ਕੀਤਾ ਜਾ ਸਕਦਾ ਹੈ।