ਚੰਦਰਯਾਨ-3 ਪੁਲਾੜ ਗੱਡੀ ਨੂੰ ਲਾਂਚ ਲਈ ਰਾਕੇਟ ਨਾਲ ਜੋੜਿਆ

ਬੈਂਗਲੁਰੂ, – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਚੰਦਰਯਾਨ-3 ਪੁਲਾੜ ਗੱਡੀ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਵਿਖੇ ਆਪਣੇ ਨਵੇਂ ਲਾਂਚ ਰਾਕੇਟ ਐੱਲ. ਵੀ. ਐੱਮ.-3 ਨਾਲ ਜੋੜਿਆ।
ਚੰਦਰਯਾਨ-3 ਨੂੰ ਚੰਦਰਯਾਨ-2 ਤੋਂ ਬਾਅਦ ਚੰਦਰਮਾ ਦੀ ਸਤ੍ਹਾ ’ਤੇ ਉਪਕਰਨਾਂ ਨੂੰ ਸੁਰੱਖਿਅਤ ਢੰਗ ਨਾਲ ਉਤਾਰਨ ਅਤੇ ਖੋਜ ਕਾਰਜਾਂ ਨੂੰ ਪੂਰਾ ਕਰਨ ਲਈ ਇਸ ਮਹੀਨੇ ਲਾਂਚ ਕੀਤਾ ਜਾਣਾ ਹੈ।
ਇਸਰੋ ਨੇ ਇੱਕ ਟਵੀਟ ਵਿੱਚ ਕਿਹਾ ਕਿ ਚੰਦਰਯਾਨ-3 ਨੂੰ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿੱਚ ਲਾਂਚ ਵਹੀਕਲ ਮਾਰਕ-III ਨਾਲ ਜੋੜਿਆ ਗਿਆ ਹੈ। ਇਸ ਨੂੰ ਇਸ ਮਹੀਨੇ ਦੇ ਅੱਧ ਵਿੱਚ ਲਾਂਚ ਕੀਤਾ ਜਾਵੇਗਾ।
ਚੰਦਰਯਾਨ-3 ਮਿਸ਼ਨ ਅਧੀਨ ਚੰਦਰਮਾ ਦੀਆਂ ਚੱਟਾਣਾ ਦੀ ਉਪਰਲੀ ਪਰਤ ਦੀ ਥਰਮੋਫਿਜ਼ੀਕਲ ਖੂਬੀ, ਚੰਦਰਮਾਂ ਦੇ ਭੂਚਾਲਾਂ, ਚੰਦਰਮਾ ਦੀ ਸਤ੍ਹਾ ’ਤੇ ਪਲਾਜ਼ਮਾ ਵਾਤਾਵਰਣ ਅਤੇ ਲੈਂਡਿੰਗ ਸਾਈਟ ਨੇੜੇ ਤੱਤਾਂ ਦੀ ਰਚਨਾ ਦਾ ਅਧਿਐਨ ਕਰਨ ਲਈ ਯੰਤਰ ਲੈ ਕੇ ਜਾਵੇਗਾ।
ਇਸ ਸਾਲ ਮਾਰਚ ਵਿੱਚ ਚੰਦਰਯਾਨ-3 ਪੁਲਾੜ ਗੱਡੀ ਨੇ ਆਪਣੀਆਂ ਜ਼ਰੂਰੀ ਜਾਂਚਾਂ ਪੂਰੀਆਂ ਕੀਤੀਆਂ ਤੇ ਲਾਂਚਿੰਗ ਦੌਰਾਨ ਆਉਣ ਵਾਲੇ ਔਖੇ ਹਾਲਾਤ ਦਾ ਸਾਹਮਣਾ ਕੀਤਾ।