ਅਮਰੀਕਾ ‘ਚ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ‘ਤੇ ਹੋਈ ਗੋਲੀਬਾਰੀ ‘ਚ 10 ਲੋਕਾਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਵਿਚ 4 ਜੁਲਾਈ ਨੂੰ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ‘ਤੇ ਫਿਲਾਡੇਲਫੀਆ, ਬਾਲਟੀਮੋਰ ਅਤੇ ਫੋਰਟ ਵਰਥ, ਟੈਕਸਾਸ ਵਿਚ ਵੱਡੇ ਪੈਮਾਨੇ ‘ਤੇ ਹੋਈ ਗੋਲੀਬਾਰੀ ਦੀਆਂ ਘਟਨਾਵਾਂ ਵਿਚ 10 ਲੋਕਾਂ ਦੀ ਮੌਤ ਹੋ ਗਈ। ਅਖ਼ਬਾਰ ‘ਡਾਨ’ ਨੇ ਬੁੱਧਵਾਰ ਨੂੰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਘਟਨਾਵਾਂ ਅਮਰੀਕਾ ਵਿੱਚ ਬੰਦੂਕ-ਹਿੰਸਾ ਨੂੰ ਰੋਕਣ ਲਈ ਦਹਾਕਿਆਂ ਪੁਰਾਣੀ ਅਸਫਲਤਾ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ। ਪੁਲਸ ਨੇ ਦੱਸਿਆ ਕਿ ਫੋਰਟ ਵਰਥ ਵਿੱਚ ਇੱਕ ਸਥਾਨਕ ਸਮਾਗਮ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ।
ਫਿਲਾਡੇਲਫੀਆ ਵਿੱਚ ਸੋਮਵਾਰ ਸ਼ਾਮ ਨੂੰ ਬੁਲੇਟਪਰੂਫ ਜੈਕੇਟ ਪਹਿਨੇ ਇਕ ਸ਼ੱਕੀ ਨੇ ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਇਕ ਬੱਚਾ ਅਤੇ ਇਕ ਨੌਜਵਾਨ ਵੀ ਸ਼ਾਮਲ ਹੈ। ਇਨ੍ਹਾਂ ਘਟਨਾਵਾਂ ਤੋਂ ਇਕ ਦਿਨ ਪਹਿਲਾਂ ਬਾਲਟੀਮੋਰ ਵਿੱਚ 2 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂਕਿ 28 ਹੋਰ ਜ਼ਖ਼ਮੀ ਹੋ ਗਏ ਸਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਅਮਰੀਕਾ ਵਿੱਚ ਬੰਦੂਕ ਦੇ ਸਖ਼ਤ ਕਾਨੂੰਨਾਂ ਦੀ ਮੰਗ ਨੂੰ ਦੁਹਰਾਇਆ ਹੈ।