‘ਖਾਲਿਸਤਾਨ ਫ੍ਰੀਡਮ ਰੈਲੀ’ ਨੂੰ ਲੈ ਕੇ RP ਸਿੰਘ ਨੇ ਕੀਤਾ ਟਵੀਟ, ਕੈਨੇਡਾ ਦੇ PM ਟਰੂਡੋ ਤੋਂ ਕੀਤੀ ਇਹ ਅਪੀਲ

ਨਵੀਂ ਦਿੱਲੀ- ਕੈਨੇਡਾ ‘ਚ ਭਾਰਤੀ ਰਾਜਦੂਤਾਂ ਖ਼ਿਲਾਫ਼ 8 ਜੁਲਾਈ ਨੂੰ ਹੋਣ ਵਾਲੀ ‘ਖਾਲਿਸਤਾਨ ਫ੍ਰੀਡਮ ਰੈਲੀ’ ਦੇ ਪੋਸਟਰ ਨਾਲ ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਨੇ ਇਕ ਟਵੀਟ ਕੀਤਾ ਹੈ। ਇਸ ਟਵੀਟ ‘ਚ ਉਨ੍ਹਾਂ ਲਿਖਿਆ ਹੈ ਕਿ ਵਿਦੇਸ਼ ਮੰਤਰੀ ਸੁਬਰਮਣੀਅਮ ਜੈਸ਼ੰਕਰ ਨੇ ਸਹਿਯੋਗੀ ਦੇਸ਼ਾਂ ਕੈਨੇਡਾ, ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਤੋਂ ਖ਼ਾਲਿਸਤਾਨੀਆਂ ਨੂੰ ਜਗ੍ਹਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ ਖਾਲਿਸਤਾਨੀਆਂ ਨੂੰ ਜਗ੍ਹਾ ਦੇਣਗੇ ਤਾਂ ਭਾਰਤ ਨਾਲ ਉਨ੍ਹਾਂ ਦੇ ਸੰਬੰਧ ਵਿਗੜ ਸਕਦੇ ਹਨ। ਕੈਨੇਡਾ ‘ਚ ਲੱਗੇ ਪੋਸਟਰ ਦੇ ਮੁੱਦੇ ਵੀ ਸਾਰੇ ਦੇਸ਼ਾਂ ਦੀ ਸਰਕਾਰ ਦੇ ਸਾਹਮਣੇ ਚੁੱਕਣ ਨੂੰ ਕਿਹਾ ਹੈ।
ਵਿਦੇਸ਼ ਮੰਤਰੀ ਦੇ ਇਸ ਬਿਆਨ ‘ਤੇ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਿਰਫ਼ ਚਿਤਾਵਨੀ ਦੇਣ ਨਾਲ ਕੁਝ ਨਹੀਂ ਹੋਵੇਗਾ। ਕੈਨੇਡਾ ‘ਚ ਇਹ ਰੈਲੀ ਰਾਜਦੂਤਾਂ ਨੂੰ ਸਿੱਧੀ ਧਮਕੀ ਹੈ। ਇਸ ਲਈ ਉਹ ਉਮੀਦ ਕਰਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਾਮਲੇ ‘ਚ ਸਖ਼ਤ ਕਦਮ ਚੁੱਕਣਗੇ। ਦੱਸਣਯੋਗ ਹੈ ਕਿ ‘ਖਾਲਿਸਤਾਨ ਫ੍ਰੀਡਮ ਰੈਲੀ’ 8 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ ਜੋ ਕੈਲੀਫੋਰਨੀਆ ਦੇ ਬਰਕਲੇ ਤੋਂ ਸ਼ੁਰੂ ਹੋਵੇਗੀ ਅਤੇ ਸੈਨਾ ਫਰਾਂਸਿਸਕੋ ‘ਚ ਭਾਰਤੀ ਦੂਤਘਰ ‘ਤੇ ਖ਼ਤਮ ਹੋਵੇਗੀ।