ਕਾਂਗਰਸ, ਸਪਾ ਅਤੇ ਬਸਪਾ ਨੇ ਕਦੇ ਵੀ ਪੱਛੜੇ ਸਮਾਜ ਨੂੰ ਸੰਵਿਧਾਨਕ ਮਾਨਤਾ ਨਹੀਂ ਦਿੱਤੀ : ਸ਼ਾਹ

ਲਖਨਊ – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ’ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ, ਸਪਾ ਅਤੇ ਬਸਪਾ ਕਈ ਵਾਰ ਸੱਤਾ ’ਚ ਰਹੇ ਜਾਂ ਸੱਤਾ ’ਚ ਹਿੱਸੇਦਾਰ ਰਹੇ ਪਰ ਇਨ੍ਹਾਂ ਪਾਰਟੀਆਂ ਨੇ ਕਦੇ ਵੀ ਪੱਛੜੇ ਸਮਾਜ ਨੂੰ ਸੰਵਿਧਾਨਕ ਮਾਨਤਾ ਨਹੀਂ ਦਿੱਤੀ। ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਦੀ ਸਹਿਯੋਗੀ ਅਤੇ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਦੀ ਅਗਵਾਈ ਵਾਲੇ ਅਪਨਾ ਦਲ (ਸੋਨੇਲਾਲ) ਵੱਲੋਂ ਸੰਗਠਨ ਦੇ ਸੰਸਥਾਪਕ ਡਾਕਟਰ ਸੋਨੇਲਾਲ ਪਟੇਲ ਦੇ 74ਵੇਂ ਜਨਮ ਦਿਨ ’ਤੇ ਆਯੋਜਿਤ ‘ਜਨ ਸਵਾਭਿਮਾਨ ਦਿਵਸ’ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ ਅਤੇ ਬਸਪਾ (ਬਹੁਜਨ ਸਮਾਜ ਪਾਰਟੀ) ਕਈ ਵਾਰ ਸੱਤਾ ’ਚ ਰਹੇ, ਸੱਤਾ ’ਚ ਹਿੱਸੇਦਾਰ ਰਹੇ ਪਰ ਕਦੇ ਪੱਛੜੇ ਸਮਾਜ ਨੂੰ ਸੰਵਿਧਾਨਕ ਮਾਨਤਾ ਨਹੀਂ ਦਿੱਤੀ। ਇਨ੍ਹਾਂ ਪਾਰਟੀਆਂ ਨੇ ਕਦੇ ਵੀ ਦਲਿਤ ਅਤੇ ਆਦਿਵਾਸੀ ਭਰਾਵਾਂ ਦੇ ਕਮਿਸ਼ਨ ਵਾਂਗ ਕਮਿਸ਼ਨ ਨਹੀਂ ਬਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛੜੇ ਸਮਾਜ ਲਈ ਕਮਿਸ਼ਨ ਬਣਾ ਕੇ ਪੱਛੜੇ ਸਮਾਜ ਨੂੰ ਸੰਵਿਧਾਨਕ ਮਾਨਤਾ ਦੇਣ ਦਾ ਕੰਮ ਕੀਤਾ ਅਤੇ ਇਸ ਨਾਲ ਪੱਛੜੇ ਵਰਗ ਦੇ ਕਲਿਆਣ ਦਾ ਰਾਹ ਪੱਧਰਾ ਹੋਇਆ। ਲਖਨਊ : ਸਮਰਥਕਾਂ ਦਾ ਸਵਾਗਤ ਕਬੂਲਦੇ ਅਮਿਤ ਸ਼ਾਹ, ਯੋਗੀ ਆਦਿਤਿਆਨਾਥ, ਅਨੁਪ੍ਰਿਆ ਪਟੇਲ ਅਤੇ ਹੋਰ।