ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਉੱਡਦਾ ਦਿਖਿਆ ਡਰੋਨ, ਪੁਲਸ ਨੂੰ ਪਈਆਂ ਭਾਜੜਾਂ

ਨਵੀਂ ਦਿੱਲੀ- ਮੱਧ ਦਿੱਲੀ ਵਿਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਸੋਮਵਾਰ ਸਵੇਰੇ ਇੱਕ “ਅਣਪਛਾਤੀ ਉੱਡਣ ਵਾਲੀ ਵਸਤੂ” (ਡਰੋਨ) ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ ਪੁਲਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਸ ਕੰਟਰੋਲ ਰੂਮ (ਪੀ.ਸੀ.ਆਰ.) ਵਿਚ ਸਵੇਰੇ 5 ਵਜੇ ਦੇ ਕਰੀਬ ਇੱਕ ਕਾਲ ਆਈ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਪਰ ਇੱਕ ਡਰੋਨ ਵਰਗੀ ਵਸਤੂ ਉੱਡਦੀ ਹੋਈ ਦੇਖੀ ਗਈ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੂੰ ਵੀ ਕੁਝ ਨਹੀਂ ਮਿਲਿਆ ਹੈ। ਦਿੱਲੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, “ਐੱਨ.ਡੀ.ਡੀ. ਕੰਟਰੋਲ ਰੂਮ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਇੱਕ ਅਣਪਛਾਤੀ ਵਸਤੂ ਦੇ ਉੱਡਣ ਦੀ ਸੂਚਨਾ ਮਿਲੀ ਸੀ। ਆਸ-ਪਾਸ ਦੇ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਅਜਿਹੀ ਕੋਈ ਵਸਤੂ ਨਹੀਂ ਮਿਲੀ। ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਵੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਕੋਈ ਅਜਿਹੀ ਵਸਤੂ ਉੱਡਦੀ ਨਹੀਂ ਮਿਲੀ।’