ਪੂਰੇ ਦੇਸ਼ ’ਚ ਆਮ ਤਰੀਕ ਤੋਂ 6 ਦਿਨ ਪਹਿਲਾਂ ਪੁੱਜਾ ਮਾਨਸੂਨ

ਨਵੀਂ ਦਿੱਲੀ, – ਦੱਖਣ-ਪੱਛਮੀ ਮਾਨਸੂਨ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ’ਚ ਅੱਗੇ ਵਧਣ ਦੇ ਨਾਲ ਹੀ ਐਤਵਾਰ ਨੂੰ ਆਮ ਤਰੀਕ ਤੋਂ 6 ਦਿਨ ਪਹਿਲਾਂ ਪੂਰੇ ਦੇਸ਼ ’ਚ ਪਹੁੰਚ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਇਹ ਜਾਣਕਾਰੀ ਦਿੱਤੀ। ਆਈ. ਐੱਮ. ਡੀ. ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪੂਰਬੀ ਉੱਤਰ ਪ੍ਰਦੇਸ਼ ਅਤੇ ਦੱਖਣੀ ਬਿਹਾਰ ਨੂੰ ਛੱਡ ਕੇ ਪੂਰੇ ਦੇਸ਼ ’ਚ ਜੁਲਾਈ ’ਚ ਮਾਨਸੂਨ ਸਾਧਾਰਣ ਰਹਿਣ ਦਾ ਅੰਦਾਜ਼ਾ ਹੈ। ਮੌਸਮ ਦਫ਼ਤਰ ਨੇ ਕਿਹਾ ਕਿ ਆਮ ਤਰੀਕ 8 ਜੁਲਾਈ ਤੋਂ ਪਹਿਲਾਂ ਐਤਵਾਰ ਨੂੰ ਹੀ ਮਾਨਸੂਨ ਪੂਰੇ ਦੇਸ਼ ’ਚ ਪਹੁੰਚ ਗਿਆ।
ਲਗਭਗ 16 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਜੂਨ ’ਚ ਘੱਟ ਮੀਂਹ ਪਿਆ ਹੈ। ਬਿਹਾਰ ’ਚ ਸਾਧਾਰਨ ਤੋਂ 69 ਫ਼ੀਸਦੀ ਅਤੇ ਕੇਰਲ ’ਚ 60 ਫੀਸਦੀ ਘੱਟ ਮੀਂਹ ਪਿਆ। ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਝਾਰਖੰਡ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਰਗੇ ਕੁਝ ਹੋਰ ਸੂਬਿਆਂ ’ਚ ਵੀ ਦੱਖਣ-ਪੱਛਮੀ ਮਾਨਸੂਨ ਦੇ ਪਹਿਲੇ ਮਹੀਨੇ ਜੂਨ ’ਚ ਸਾਧਾਰਨ ਨਾਲੋਂ ਘੱਟ ਮੀਂਹ ਪਿਆ।