‘ਆਪ’ ਨੇ ਅਰੁਣਾਚਲ ’ਚ ਅਸੈਂਬਲੀ ਤੇ ਲੋਕ ਸਭਾ ਚੋਣਾਂ ਲੜਨ ਦੀ ਪ੍ਰਗਟਾਈ ਇੱਛਾ

ਈਟਾਨਗਰ, ਆਮ ਆਦਮੀ ਪਾਰਟੀ (ਆਪ) ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ ਸਾਰੀਆਂ 60 ਵਿਧਾਨ ਸਭਾ ਸੀਟਾਂ ਅਤੇ ਲੋਕ ਸਭਾ ਦੀਆਂ 2 ਸੀਟਾਂ ’ਤੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ‘ਆਪ’ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਟੋਕੋ ਨਿਕਮ ਨੇ ਐਤਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪਾਰਟੀ 2024 ’ਚ ਸੱਤਾ ‘ਚ ਆਉਂਦੀ ਹੈ ਤਾਂ ਮੁਫ਼ਤ ਪਾਣੀ, ਬਿਜਲੀ, 10 ਲੱਖ ਰੁਪਏ ਤੱਕ ਦੀਆਂ ਮੈਡੀਕਲ ਸਹੂਲਤਾਂ ਅਤੇ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਈ ਜਾਏਗੀ।
ਨਿਕਮ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ ‘ਆਪ’ 2014 ਦੇ ਵਿਵਾਦਤ ਅਰੁਣਾਚਲ ਪ੍ਰਦੇਸ਼ ਗੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਅਤੇ 1978 ਦੇ ਅਰੁਣਾਚਲ ਪ੍ਰਦੇਸ਼ ਫ੍ਰੀਡਮ ਆਫ਼ ਰਿਲੀਜਨ ਐਕਟ ਨੂੰ ਰੱਦ ਕਰੇਗੀ। ਅਰੁਣਾਚਲ ਪ੍ਰਦੇਸ਼ ’ਚ ਇਸ ਸਾਲ ਰਾਜਧਾਨੀ ਈਟਾਨਗਰ ‘ਚ 72 ਘੰਟੇ ਦੇ ਬੰਦ ਦੇ ਸਬੰਧ ’ਚ 40 ਲੋਕਾਂ ਵਿਰੁੱਧ ਉਕਤ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਇੱਥੇ ਵਿਰੋਧ ਪ੍ਰਦਰਸ਼ਨ ਹੋਇਆ ਸੀ। ਕਈ ਜਥੇਬੰਦੀਆਂ ਨੇ ਸੂਬਾ ਸਰਕਾਰ ਤੋਂ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਨਿਕਮ ਨੇ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਰੁਣਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੂੰ ਵੀ ਭੰਗ ਕਰ ਦੇਵੇਗੀ। ਅਰੁਣਾਚਲ ਪ੍ਰਦੇਸ਼ ਆਰਮਡ ਪੁਲਸ ’ਚ ਤੀਜੇ ਪੜਾਅ ਦੀ ਸਥਾਪਨਾ ਕੀਤੀ ਜਾਏਗੀ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਥਿਆਰਬੰਦ ਪੁਲਸ ਦੀ ਚੌਥੀ ਬਟਾਲੀਅਨ ਖੜੀ ਕਰਨ ਦੀ ਵੀ ਯੋਜਨਾ ਹੈ।
ਇਹਨਾਂ ਵਾਅਦਿਆਂ ਕਾਰਨ ਆਉਣ ਵਾਲੇ ਵਿੱਤੀ ਖਰਚੇ ਬਾਰੇ ਪੁੱਛੇ ਜਾਣ ’ਤੇ ਨਿਕਮ ਨੇ ਕਿਹਾ ਕਿ ਪਾਰਟੀ ਕੇਂਦਰ ਸਰਕਾਰ ਵਲੋਂ ਪ੍ਰਦਾਨ ਕੀਤੇ ਜਾਂਦੇ ਫੰਡਾਂ ਅਤੇ ਰਾਜ ਦੇ ਟੈਕਸ ਦੇ ਇੱਕ ਹਿੱਸੇ ਦੀ ਵਰਤੋਂ ਕਰ ਕੇ ਨੀਤੀਆਂ ਤਿਆਰ ਕਰੇਗੀ।