ਸਜ਼ਾ ਪੂਰੀ ਕਰ ਚੁੱਕੇ 254 ਮਛੇਰਿਆਂ ਅਤੇ 4 ਕੈਦੀਆਂ ਨੂੰ ਜਲਦੀ ਭਾਰਤ ਭੇਜੇ ਪਾਕਿ

ਨਵੀਂ ਦਿੱਲੀ – ਭਾਰਤ ਨੇ ਸ਼ਨੀਵਾਰ ਨੂੰ ਪਾਕਿਸਤਾਨ ਨੂੰ ਕਿਹਾ ਕਿ ਉਹ ਜੇਲ੍ਹ ਦੀ ਸਜ਼ਾ ਪੂਰੀ ਕਰ ਚੁੱਕੇ 254 ਭਾਰਤੀ ਮਛੇਰਿਆਂ ਅਤੇ 4 ਸਿਵਲ ਕੈਦੀਆਂ ਦੀ ਰਿਹਾਈ ਅਤੇ ਉਨ੍ਹਾਂ ਦੀ ਆਪਣੇ ਦੇਸ਼ ਵਾਪਸੀ ਯਕੀਨੀ ਬਣਾਵੇ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਅਨੁਸਾਰ ਪਾਕਿਸਤਾਨ ਨੂੰ ਉਸ ਦੀ ਹਿਰਾਸਤ ’ਚ ਮੌਜੂਦ ਅਜਿਹੇ 12 ਮਛੇਰਿਆਂ ਅਤੇ 14 ਸਿਵਲ ਕੈਦੀਆਂ ਨੂੰ ਤੁਰੰਤ ਡਿਪਲੋਮੈਟਿਕ ਪਹੁੰਚ ਆਸਾਨ ਕਰਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹ ਭਾਰਤੀ ਨਾਗਰਿਕ ਹਨ। ਭਾਰਤ ਨੇ ਦੋਵਾਂ ਦੇਸ਼ਾਂ ਦਰਮਿਆਨ ਮਛੇਰਿਆਂ ਅਤੇ ਸਿਵਲ ਕੈਦੀਆਂ ਦੀ ਸੂਚੀ ਦੇ ਵਟਾਂਦਰੇ ਦੇ ਸਬੰਧ ’ਚ ਇਹ ਅਪੀਲ ਕੀਤੀ ਹੈ। ਦੋਵਾਂ ਦੇਸ਼ਾਂ ਵਿਚਾਲੇ 2008 ’ਚ ਹੋਏ ਸਮਝੌਤੇ ਅਨੁਸਾਰ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਅਜਿਹਾ ਕੀਤਾ ਜਾਂਦਾ ਹੈ।
ਭਾਰਤ ਨੇ ਸਿਵਲ ਕੈਦੀਆਂ, ਲਾਪਤਾ ਰੱਖਿਆ ਕਰਮਚਾਰੀਆਂ ਅਤੇ ਮਛੇਰਿਆਂ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਦੀ ਛੇਤੀ ਰਿਹਾਈ ਅਤੇ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣ ਨੂੰ ਵੀ ਪਾਕਿਸਤਾਨ ਨੂੰ ਕਿਹਾ ਹੈ। ਭਾਰਤ ਨੇ ਪਾਕਿਸਤਾਨ ਨੂੰ ਅਜਿਹੇ 343 ਸਿਵਲ ਕੈਦੀਆਂ ਅਤੇ 74 ਮਛੇਰਿਆਂ ਦੀ ਸੂਚੀ ਸੌਂਪੀ, ਜੋ ਭਾਰਤ ਦੀ ਹਿਰਾਸਤ ’ਚ ਹਨ ਅਤੇ ਜੋ ਪਾਕਿਸਤਾਨੀ ਹਨ ਜਾਂ ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਗੁਆਂਢੀ ਦੇਸ਼ ਦੇ ਨਾਗਰਿਕ ਹਨ। ਇਸੇ ਤਰ੍ਹਾਂ ਪਾਕਿਸਤਾਨ ਨੇ ਉਸ ਦੀ ਹਿਰਾਸਤ ’ਚ ਮੌਜੂਦ ਅਜਿਹੇ 42 ਸਿਵਲ ਕੈਦੀਆਂ ਅਤੇ 266 ਮਛੇਰਿਆਂ ਦੀ ਸੂਚੀ ਭਾਰਤ ਨੂੰ ਸੌਂਪੀ ਜੋ ਭਾਰਤੀ ਹੈ ਜਾਂ ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਭਾਰਤ ਦੇ ਨਾਗਰਿਕ ਹਨ।