ਮਣੀਪੁਰ ਨੂੰ ਸ਼ਾਂਤੀ ਦੀ ਲੋੜ, ਹਿੰਸਾ ਕੋਈ ਹੱਲ ਨਹੀਂ : ਰਾਹੁਲ

ਇੰਫਾਲ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਮਣੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨਾਲ ਮੁਲਾਕਾਤ ਤੋਂ ਬਾਅਦ ਹਿੰਸਾ ਪੀੜ੍ਹਤ ਸੂਬੇ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਿੰਸਾ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਮਣੀਪੁਰ ਵਿਚ ਵਾਪਰੀਆਂ ਘਟਨਾਵਾਂ ਨੂੰ ਦੁਖਦਾਈ ਦੱਸਿਆ ਜੋ ਸੂਬੇ ਅਤੇ ਦੇਸ਼ ਲਈ ‘ਦਰਦਨਾਕ’ ਹਨ। ਕਾਂਗਰਸ ਦੇ ਸੂਤਰਾਂ ਅਨੁਸਾਰ ਰਾਜਪਾਲ ਨੇ ਭਰੋਸਾ ਦਿੱਤਾ ਕਿ ਜਾਤੀ ਹਿੰਸਾ ਪ੍ਰਭਾਵਿਤ ਰਾਜ ਵਿੱਚ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਗਾਂਧੀ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ਼ਾਂਤੀ ਲਈ ਜੋ ਵੀ ਜ਼ਰੂਰੀ ਹੈ, ਮੈਂ ਉਸ ਲਈ ਤਿਆਰ ਹਾਂ। ਮੈਂ ਸਾਰੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ ਕਿਉਂਕਿ ਹਿੰਸਾ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਕਰ ਸਕਦੀ। ਸ਼ਾਂਤੀ ਹੀ ਰਸਤਾ ਹੈ । ਸਾਰਿਆਂ ਨੂੰ ਹੁਣ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ।
ਉਨ੍ਹਾਂ ਇੰਫਾਲ, ਚੂਰਾਚੰਦਪੁਰ ਅਤੇ ਮੋਇਰਾਂਗ ਵਿੱਚ ਵੱਖ-ਵੱਖ ਰਾਹਤ ਕੈਂਪਾਂ ਦੇ ਦੌਰੇ ਕੀਤੇ ਤੇ ਕਿਹਾ ਕਿ ਮੈਂ ਸਰਕਾਰ ਨੂੰ ਇਕ ਗੱਲ ਕਹਿਣਾ ਚਾਹਾਂਗਾ ਕਿ ਕੈਂਪਾਂ ਵਿਚ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਭੋਜਨ ਵਿੱਚ ਸੁਧਾਰ ਚਾਹੀਦਾ ਹੈ। ਦਵਾਈਆਂ ਦੀ ਸਪਲਾਈ ਕੀਤੀ ਜਾਵੇ। ਕੈਂਪਾਂ ਤੋਂ ਇਸ ਸਬੰਧ ਵਿੱਚ ਸ਼ਿਕਾਇਤਾਂ ਆਈਆਂ ਹਨ। ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਸਿਵਲ ਸੁਸਾਇਟੀ ਸੰਗਠਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਗਾਂਧੀ ਹੈਲੀਕਾਪਟਰ ਰਾਹੀਂ ਇੰਫਾਲ ਤੋਂ ਮੋਇਰਾਂਗ ਪਹੁੰਚੇ। ਮੋਇਰਾਂਗ ਕਸਬੇ ਦੇ ਦੋ ਕੈਂਪਾਂ ਵਿੱਚ ਲਗਭਗ 1,000 ਲੋਕ ਰਹਿ ਰਹੇ ਹਨ । ਰਾਹੁਲ ਗਾਂਧੀ ਨਾਲ ਮਣੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ, ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ, ਕਾਂਗਰਸ ਦੀ ਮਣੀਪੁਰ ਇਕਾਈ ਦੇ ਪ੍ਰਧਾਨ ਕੇਸ਼ਮ ਮੇਘਚੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਅਜੇ ਕੁਮਾਰ ਸ਼ਾਮਲ ਹਨ। ਰਾਹੁਲ ਸਥਾਨਕ ਭਾਈਚਾਰਿਆਂ ਨੂੰ ਦਿਲਾਸਾ ਦੇਣ ਲਈ ਮਣੀਪੁਰ ਦੇ ਦੋ ਦਿਨਾਂ ਦੌਰੇ ‘ਤੇ ਹਨ।