ਇੰਡੋਨੇਸ਼ੀਆ ‘ਚ ਭੂਚਾਲ ਕਾਰਨ ਔਰਤ ਦੀ ਮੌਤ, ਵੱਡੀ ਗਿਣਤੀ ‘ਚ ਘਰਾਂ ਨੂੰ ਪੁੱਜਾ ਨੁਕਸਾਨ

ਯੋਗਯਾਕਾਰਤਾ : ਇੰਡੋਨੇਸ਼ੀਆ ‘ਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਇਕ ਔਰਤ ਦੀ ਮੌਤ ਹੋ ਗਈ, ਦੋ ਲੋਕ ਜ਼ਖਮੀ ਹੋ ਗਏ ਅਤੇ ਵੱਡੀ ਗਿਣਤੀ ‘ਚ ਘਰਾਂ ਨੂੰ ਨੁਕਸਾਨ ਪਹੁੰਚਿਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭੂਚਾਲ ਦੀ ਤੀਬਰਤਾ 5.8 ਸੀ ਅਤੇ ਇਸ ਦਾ ਕੇਂਦਰ ਬੰਬੰਗਲੀਪੁਰੋ ਤੋਂ 84 ਕਿਲੋਮੀਟਰ ਦੱਖਣ-ਪੱਛਮ ‘ਚ ਸੀ। ਇਹ ਸਥਾਨ ਯੋਗਯਾਕਾਰਤਾ ਸੂਬੇ ਦੇ ਬੰਤੁਲ ਵਿੱਚ ਸਥਿਤ ਹੈ।
ਇੰਡੋਨੇਸ਼ੀਆ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਅਬਦੁਲ ਮੁਹਰੀ ਨੇ ਦੱਸਿਆ ਕਿ ਬੰਤੁਲ ਵਿਚ ਭੂਚਾਲ ਦੇ ਝਟਕੇ ਤੋਂ ਬਾਅਦ ਘਬਰਾਹਟ ਵਿੱਚ ਭੱਜ ਰਹੀ ਇੱਕ 67 ਸਾਲਾ ਬਜ਼ੁਰਗ ਔਰਤ ਦੀ ਡਿੱਗਣ ਨਾਲ ਮੌਤ ਹੋ ਗਈ ਅਤੇ ਘੱਟੋ-ਘੱਟ ਦੋ ਹੋਰ ਲੋਕ ਜ਼ਖਮੀ ਹੋ ਗਏ। ਮੁਹਰੀ ਨੇ ਕਿਹਾ ਕਿ ਭੂਚਾਲ ਨਾਲ ਘੱਟੋ-ਘੱਟ 93 ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ ਯੋਗਯਾਕਾਰਤਾ ਅਤੇ ਪੂਰਬੀ ਜਾਵਾ ਵਿੱਚ ਸਕੂਲ, ਸਿਹਤ ਕੇਂਦਰ, ਪੂਜਾ ਸਥਾਨ ਅਤੇ ਸਰਕਾਰੀ ਅਦਾਰੇ ਸ਼ਾਮਲ ਹਨ।