ਜਦੋਂ ਤੱਕ ਪੰਜਾਬ ‘ਚ ਹਾਂ, ਉਦੋਂ ਤੱਕ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਾਂਗਾ : ਰਾਜਪਾਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਜ਼ੁਬਾਨੀ ਹਮਲਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁੱਧਵਾਰ ਰਾਜਪਾਲ ਨੇ ਵੀ ਜਵਾਬ ਦਿੱਤਾ। ਰਾਜਪਾਲ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਵਿਚ ਹਾਂ, ਸਰਕਾਰੀ ਹੈਲੀਕਾਪਟਰ ਦੀ ਜ਼ਿੰਦਗੀ ਵਿਚ ਵਰਤੋਂ ਨਹੀਂ ਕਰਾਂਗਾ। ਇਹ ਤੈਅ ਹੈ। ਮੈਂ ਬੇਹੱਦ ਸਾਦਾ ਜੀਵਨ ਜਿਉਣ ਵਾਲਾ ਹਾਂ, ਯਾਤਰਾ ਨੂੰ ਗੱਡੀ ਰਾਹੀਂ ਮੈਨੇਜ ਕਰ ਲਵਾਂਗਾ।
ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਜੀ ਤੁਸੀਂ ਖੁਸ਼ ਰਹੋ, ਤੁਹਾਡਾ ਹੈਲੀਕਾਪਟਰ ਨਹੀਂ ਲਵਾਂਗਾ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਰਾਜਪਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਰਾਜਪਾਲ ਮੇਰਾ ਹੀ ਹੈਲੀਕਾਪਟਰ ਵਰਤਦੇ ਹਨ ਅਤੇ ਮੈਨੂੰ ਹੀ ਕੋਸਦੇ ਹਨ।
ਪੰਜਾਬ ਰਾਜ-ਭਵਨ ਵਿਚ ਬੁੱਧਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੱਖ ਮੰਤਰੀ ਦੀਆਂ ਗੱਲਾਂ ਦਾ ਜਵਾਬ ਦੇ ਰਹੇ ਸਨ। ਰਾਜਪਾਲ ਨੇ ਕਿਹਾ ਕਿ ਮੈਨੂੰ ਆਪਣੇ ਅਹੁਦੇ ਦੀ ਗਰਿਮਾ ਦਾ ਖਿਆਲ ਹੈ। ਮੇਰੇ ਆਪਣੇ ਦਾਇਰੇ ਹਨ। ਮੁੱਖ ਮੰਤਰੀ ਦੇ ਇਕਤਰਫ਼ਾ ਬਿਆਨ ਚੱਲ ਰਹੇ ਹਨ ਪਰ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀ ਭਾਸ਼ਾ ਅਤੇ ਦੋਸ਼ ਨਹੀਂ ਲਗਾਉਣਾ ਚਾਹੁੰਦਾ। ਇਹ ਸਹੀ ਨਹੀਂ ਹੈ।