ਸ੍ਰੀ ਹੇਮਕੁੰਟ ਸਾਹਿਬ ਨੇੜੇ ਟੁੱਟਿਆ ਗਲੇਸ਼ੀਅਰ; ਬਰਫ਼ ਹੇਠਾਂ ਦੱਬੇ ਸ਼ਰਧਾਲੂ, ਮਹਿਲਾ ਸ਼ਰਧਾਲੂ ਦੀ ਮੌਤ

ਚਮੋਲੀ- ਉੱਤਰਾਖੰਡ ਵਿਚ ਇਕ ਵਾਰ ਫਿਰ ਗਲੇਸ਼ੀਅਰ ਟੁੱਟਣ ਨਾਲ ਬਰਫ਼ ਦੇ ਤੋਦੇ ਡਿੱਗੇ। ਜਿਸ ਕਾਰਨ ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ ਤੀਰਥ ਯਾਤਰੀ ਫਸ ਗਏ। ਦਰਅਸਲ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ ‘ਤੇ ਐਤਵਾਰ ਨੂੰ ਬਰਫ ਦੀ ਲਪੇਟ ‘ਚ ਆ ਕੇ 5 ਯਾਤਰੀ ਬਰਫ਼ ਹੇਠਾਂ ਦੱਬੇ ਗਏ। ਬਚਾਅ ਮੁਹਿੰਮ ਦੌਰਾਨ 4 ਯਾਤਰੀਆਂ ਨੂੰ ਬਚਾਅ ਲਿਆ ਗਿਆ, ਜਦਕਿ ਇਕ ਲਾਪਤਾ ਮਹਿਲਾ ਯਾਤਰੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਯਾਤਰਾ ਮਾਰਗ ‘ਤੇ ਭਾਰੀ ਬਰਫ਼ ਡਿੱਗਣ ਕਾਰਨ ਰਾਹ ਬੰਦ ਹੋ ਗਿਆ ਹੈ, ਜਿਸ ਨਾਲ ਯਾਤਰਾ ਵੀ ਰੋਕ ਦਿੱਤੀ ਗਈ ਹੈ।
ਇਹ ਹਾਦਸਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਇਕ ਕਿਲੋਮੀਟਰ ਦੂਰ ਅਟਲਾਕੋਟੀ ਨੇੜੇ ਵਾਪਰਿਆ। ਓਧਰ ਸਬ-ਡਵੀਜ਼ਨਲ ਮੈਜਿਸਟ੍ਰੇਟ ਕੁਮਕੁਮ ਜੋਸ਼ੀ ਨੇ ਦੱਸਿਆ ਕਿ ਘਟਨਾ ਦੇਰ ਰਾਤ 8 ਵਜੇ ਵਾਪਰੀ। ਗਲੇਸ਼ੀਅਰ ਦਾ ਕਾਫੀ ਵੱਡਾ ਹਿੱਸਾ ਟੁੱਟ ਕੇ ਹੇਠਾਂ ਯਾਤਰਾ ਮਾਰਗ ‘ਤੇ ਆ ਗਿਆ। ਪੁਲਸ ਅਤੇ SDRF ਨੇ ਸ੍ਰੀ ਹੇਮਕੁੰਟ ਸਾਹਿਬ ਦੇ ਸੇਵਾਦਾਰਾਂ ਦੀ ਮਦਦ ਨਾਲ ਰੈਸਕਿਊ ਕਰ ਕੇ 4 ਲੋਕਾਂ ਨੂੰ ਬਚਾਇਆ ਗਿਆ।
SDRF ਦੇ ਬੁਲਾਰੇ ਲਲਿਤਾ ਦਾਸ ਨੇਗੀ ਨੇ ਦੱਸਿਆ ਕਿ ਯਾਤਰਾ ਮਾਰਗ ‘ਤੇ ਪਹਿਲਾਂ ਤੋਂ ਤਾਇਨਾਤ SDRF ਟੀਮ ਵਲੋਂ ਤੁਰੰਤ ਰੈਸਕਿਊ ਕਰਦਿਆਂ ਮੌਕੇ ‘ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਗਈ ਅਤੇ 4 ਸ਼ਰਧਾਲੂਆਂਨੂੰ ਬਚਾ ਲਿਆ ਗਿਆ। ਨਾਲ ਹੀ ਉਨ੍ਹਾਂ ਨੂੰ ਘਾਂਘਰੀਆ ਪਹੁੰਚਾਇਆ ਗਿਆ। ਨੇਗੀ ਨੇ ਦੱਸਿਆ ਕਿ ਅੱਜ ਸਵੇਰੇ SDRF ਵਲੋਂ ਤਲਾਸ਼ੀ ਮੁਹਿੰਮ ਦੌਰਾਨ ਲਾਪਤਾ ਮਹਿਲਾ ਸ਼ਰਧਾਲੂ ਕਮਲਜੀਤ ਕੌਰ ਪਤਨੀ ਜਸਪ੍ਰੀਤ ਸਿੰਘ, ਵਾਸੀ ਅੰਮ੍ਰਿਤਸਰ, ਨੂੰ ਬਰਫ਼ ਦੀ ਮੋਟੀ ਚਾਦਰ ਹੇਠੋਂ ਲੱਭ ਲਿਆ ਗਿਆ ਹੈ। ਸਖ਼ਤ ਮੁਸ਼ੱਕਤ ਮਗਰੋਂ ਲਾਸ਼ ਨੂੰ ਬਰਾਮਦ ਕਰ ਕੇ ਜ਼ਿਲ੍ਹਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।