ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਨੇ ਇਨਸਾਫ ਮਿਲਣ ਤੱਕ ਸੰਘਰਸ਼ ’ਚ ਡਟੇ ਰਹਿਣ ਦਾ ਕੀਤਾ ਐਲਾਨ

ਝੂਠੀਆਂ ਖਬਰਾਂ ਨਾ ਫੈਲਾਉਣ ਦੀ ਕੀਤੀ ਅਪੀਲ
ਚੰਡੀਗੜ੍ਹ : ਭਾਜਪਾ ਆਗੂ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਵਿਰੋਧ ਕਰ ਰਹੀ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆਂ ਨੇ ਸੰਘਰਸ਼ ਵਿਚੋਂ ਹਟਣ ਬਾਰੇ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਪਹਿਲਾਂ ਇਹ ਖਬਰਾਂ ਆਈਆਂ ਸਨ ਕਿ ਇਨ੍ਹਾਂ ਨੇ ਆਪਣੀ ਰੇਲਵੇ ਦੀ ਡਿਊਟੀ ਮੁੜ ਸ਼ੁਰੂ ਦਿੱਤੀ ਹੈ। ਇਸ ਦੌਰਾਨ ਸਾਕਸ਼ੀ ਨੇ ਟਵੀਟ ਕਰਕੇ ਕਿਹਾ ਕਿ ਇਹ ਖ਼ਬਰ ਬਿਲਕੁਲ ਝੂਠੀ ਹੈ। ਇਨਸਾਫ਼ ਦੀ ਲੜਾਈ ਵਿੱਚ ਸਾਡੇ ਵਿੱਚੋਂ ਕੋਈ ਵੀ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਪਿੱਛੇ ਹਟਾਂਗੇ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹਾਂ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਿਰਪਾ ਕਰਕੇ ਕੋਈ ਵੀ ਝੂਠੀ ਖਬਰ ਨਾ ਫੈਲਾਓ। ਦੂਜੇ ਪਾਸੇ ਬਜਰੰਗ ਨੇ ਟਵੀਟ ਕੀਤਾ ਕਿ ਅੰਦੋਲਨ ਖ਼ਤਮ ਕਰਨ ਦੀਆਂ ਖ਼ਬਰਾਂ ਝੂਠੀਆਂ ਹਨ। ਇਹ ਖ਼ਬਰਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੋਰੀ ਅਫਵਾਹ ਹਨ। ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਤੇ ਨਾ ਹਟਣਗੇ। ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ।