ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਧੋਖਾਧੜੀ ਦੇ ਦੋਸ਼ ‘ਚ ਤਿੰਨ ਸਾਲ ਦੀ ਕੈਦ

ਲੰਡਨ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਜਾਇਦਾਦ ਖਰੀਦਣ ਵਿੱਚ ਮਦਦ ਕਰਨ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਕਰੀਬ 16,000 ਪੌਂਡ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਸਕਾਟਲੈਂਡ ਯਾਰਡ ਅਨੁਸਾਰ ਜਸਪਾਲ ਸਿੰਘ ਜੁਤਲਾ (64) ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਉਸ ਦੇ ਜ਼ਿਆਦਾਤਰ ਪੀੜਤ ਭਾਰਤੀ ਮੂਲ ਦੇ ਸਨ। ਲੰਡਨ ਦੀ ਆਇਲਵਰਥ ਕਰਾਊਨ ਕੋਰਟ ਨੇ ਵੀਰਵਾਰ ਨੂੰ ਜੁਟਾਲਾ ਨੂੰ ਧੋਖਾਧੜੀ ਦੇ ਜੁਰਮ ‘ਚ ਸਜ਼ਾ ਸੁਣਾਈ।
ਮੈਟਰੋਪੋਲੀਟਨ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅਪਰਾਧ ਮਈ 2019 ਅਤੇ ਜਨਵਰੀ 2021 ਦੇ ਵਿਚਕਾਰ ਹੋਏ ਸਨ ਅਤੇ ਜੁਤਲਾ ਨੇ ਪਿਛਲੇ ਸਾਲ ਅਗਸਤ ਵਿੱਚ ਐਕਸਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪਹਿਲਾਂ ਦੀ ਸੁਣਵਾਈ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ। ਬਿਆਨ ਅਨੁਸਾਰ ਜੁਤਲਾ ਨੇ ਚਾਰ ਲੋਕਾਂ ਤੋਂ ਹੋਮ ਲੋਨ ਸਲਾਹਕਾਰ ਦੇ ਰੂਪ ਵਿੱਚ £15,970 ਪੌਂਡ ਦੀ ਠੱਗੀ ਕੀਤੀ।
ਮੈਟਰੋਪੋਲੀਟਨ ਪੁਲਸ ਦੀ ਸੈਂਟਰਲ ਸਪੈਸ਼ਲਿਸਟ ਕ੍ਰਾਈਮ ਯੂਨਿਟ ਵਿੱਚ ਇੱਕ ਵਿੱਤੀ ਜਾਂਚਕਰਤਾ ਡਿਟੈਕਟਿਵ ਕਾਂਸਟੇਬਲ ਅਨੀਤਾ ਸ਼ਰਮਾ ਨੇ ਕਿਹਾ ਕਿ ਜੁਤਲਾ ਨੇ ਇੱਕ ਸ਼ਾਨਦਾਰ ਜੀਵਨ ਸ਼ੈਲੀ ਲਈ ਧਨ ਹਾਸਲ ਕਰਨ ਲਈ ਆਪਣੇ ਹੀ ਭਾਈਚਾਰੇ ਦੇ ਮੈਂਬਰਾਂ ਨਾਲ ਠੱਗੀ ਕੀਤੀ। ਉਨ੍ਹਾਂ ਕਿਹਾ ਕਿ ਜੁਤਲਾ ਦੇ ਕੁਝ ਕੁ ਪੀੜਤ ਹੀ ਅੱਗੇ ਆਏ ਹਨ ਪਰ ਕਈ ਅਜਿਹੇ ਲੋਕ ਵੀ ਹੋ ਸਕਦੇ ਹਨ, ਜਿਨ੍ਹਾਂ ਨਾਲ ਜੁਤਲਾ ਨੇ ਠੱਗੀ ਮਾਰੀ ਹੈ ਪਰ ਉਨ੍ਹਾਂ ਨੇ ਪੁਲਸ ਤੱਕ ਪਹੁੰਚ ਨਹੀਂ ਕੀਤੀ। ਹੋਮ ਲੋਨ ਸਲਾਹਕਾਰ ਦੇ ਤੌਰ ‘ਤੇ ਜੁਤਲਾ ਲੋਕਾਂ ਨੂੰ ਮਿਲਦਾ ਸੀ ਅਤੇ ਜਾਇਦਾਦ ਖਰੀਦਣ ਵਿਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਨੂੰ ਠੱਗਦਾ ਸੀ।