ਨਵੀਂ ਦਿੱਲੀ- ਨਵੀਂ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਅਤੇ ਕੇਂਦਰ ਸਰਕਾਰ ਦੇ ਹੋਰ ਹਸਪਤਾਲਾਂ ਦੇ ਮੈਡੀਕਲ ਦੀ ਇਕ ਟੀਮ ਨੂੰ ਓਡੀਸ਼ਾ ਰੇਲ ਹਾਦਸੇ ‘ਚ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤੀ ਹਵਾਈ ਫ਼ੌਜ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਭੁਵਨੇਸ਼ਵਰ ਭੇਜਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਟੀਮ ਦਵਾਈਆਂ ਅਤੇ ਹੋਰ ਜ਼ਰੂਰੀ ਮੈਡੀਕਲ ਸਾਮਾਨ ਲੈ ਕੇ ਗਈ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਓਡੀਸ਼ਾ ‘ਚ ਹਨ ਅਤੇ ਐਤਵਾਰ ਨੂੰ ਏਮਜ਼ ਭੁਵਨੇਸ਼ਵਰ ਅਤੇ ਕਟਕ ਮੈਡੀਕਲ ਕਾਲਜ ਦਾ ਦੌਰਾ ਕਰਕੇ ਹਾਦਸੇ ਦੇ ਪੀੜਤਾਂ ਨੂੰ ਦਿੱਤੀ ਜਾ ਰਹੀ ਡਾਕਟਰੀ ਸਹਾਇਤਾ ਦਾ ਜਾਇਜ਼ਾ ਲੈਣਗੇ। ਇਸ ਤੋਂ ਪਹਿਲਾਂ ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਏਮਜ਼ ਭੁਵਨੇਸ਼ਵਰ ਦੇ ਡਾਕਟਰਾਂ ਨੂੰ ਰਾਹਤ ਕਾਰਜਾਂ ‘ਚ ਸਹਾਇਤਾ ਲਈ ਓਡੀਸ਼ਾ ‘ਚ ਹਾਦਸੇ ਵਾਲੀ ਥਾਂ ਦੇ ਨਾਲ-ਨਾਲ ਕਟਕ ਦੇ ਹਸਪਤਾਲ ਵਿਚ ਭੇਜਿਆ ਗਿਆ ਹੈ, ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਾਲਾਸੋਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਦੀ ਸ਼ਾਮ ਲੱਗਭਗ 7 ਵਜੇ ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਰੇਲ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲ ਗੱਡੀ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿਚ 288 ਲੋਕਾਂ ਦੀ ਮੌਤ ਹੋ ਗਈ ਅਤੇ 1100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ ਨੂੰ ਭਾਰਤ ਦੇ ਹੁਣ ਤੱਕ ਦੀ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ।