ਕੇਜਰੀਵਾਲ ਨੇ ਜਦੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਤਾਂ ਜਾਣਦੇ ਨਹੀਂ ਸਨ ਕਿ ਉਹ UT ਤੋਂ ਲੜ ਰਹੇ ਹਨ : ਤਰੁਣ ਚੁਘ

ਜਲੰਧਰ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਦੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਸੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਕਿਸੇ ਸੂਬੇ ਵਿਚ ਨਹੀਂ ਸਗੋਂ ਇਕ ਕੇਂਦਰ ਸ਼ਾਸਿਤ ਸੂਬੇ (ਯੂ. ਟੀ.) ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਯੂ. ਟੀ. ’ਚ ਹਮੇਸ਼ਾ ਸਰਕਾਰ ਕੋਲ ਸੀਮਿਤ ਅਧਿਕਾਰ ਤੇ ਸ਼ਕਤੀਆਂ ਹੁੰਦੀਆਂ ਹਨ। ਦਿੱਲੀ ਦੀ ਤੁਲਨਾ ਕਿਸੇ ਵੀ ਸੂਬੇ ਨਾਲ ਨਹੀਂ ਕੀਤੀ ਜਾ ਸਕਦੀ। ਕੀ ਪੰਜਾਬ ਦੀ ਤੁਲਨਾ ਅਸੀਂ ਦਿੱਲੀ ਨਾਲ ਕਰ ਸਕਦੇ ਹਾਂ? ਪੰਜਾਬ ਇਕ ਪੂਰਾ ਸੂਬਾ ਹੈ ਜਿੱਥੇ ਸਰਕਾਰ ਕੋਲ ਪੂਰੇ ਅਧਿਕਾਰ ਹਨ। ਇਸ ਤੋਂ ਉਲਟ ਦਿੱਲੀ ’ਚ ਸਰਕਾਰ ਕੋਲ ਸੀਮਿਤ ਅਧਿਕਾਰ ਹਨ। ਭਾਜਪਾ ਨੇਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਦੇਸ਼ ਅੰਦਰ ਭੁਲੇਖਾਪਾਊ ਸਥਿਤੀ ਪੈਦਾ ਕਰਨ ’ਚ ਲੱਗੇ ਹੋਏ ਹਨ ਪਰ ਜਨਤਾ ਹੁਣ ਉਨ੍ਹਾਂ ਦੇ ਡਰਾਮੇ ਵਿਚ ਆਉਣ ਵਾਲੀ ਨਹੀਂ।
ਲੋਕ ਸਭਾ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ। ਇਸ ਲਈ ਆਮ ਆਦਮੀ ਪਾਰਟੀ ਜਨਤਾ ਨੂੰ ਭੁਲੇਖੇ ਵਿਚ ਰੱਖਣ ਲਈ ਨਾਟਕ ਕਰ ਰਹੀ ਹੈ। ਜਨਤਾ ਦਿੱਲੀ ਵਿਚ ਉਨ੍ਹਾਂ ਦੀ ਕਾਰਗੁਜਾਰੀ ਦਾ ਹਿਸਾਬ ਮੰਗੇਗੀ। ਇਸ ਲਈ ਅਜਿਹੀ ਝੂਠੀ ਬਿਆਨਬਾਜ਼ੀ ਤੋਂ ਉਨ੍ਹਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।