ਹਾਰ ਕੇ ਨਹੀਂ ਜਾਣਗੇ ਪਹਿਲਵਾਨ! ਅੱਜ ਵੱਡਾ ਫ਼ੈਸਲਾ ਲੈ ਸਕਦੀ ਹੈ ਖਾਪ ਮਹਾਪੰਚਾਇਤ

ਮੁਜ਼ੱਫਰਨਗਰ : ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬੀਤੇ ਦਿਨ ਕਿਹਾ ਕਿ ਖਾਪ ਮਹਾਪੰਚਾਇਤ ਦੇ ਮੈਂਬਰ ਮਹਿਲਾ ਪਹਿਲਵਾਨਾਂ ਦੇ ਯੋਨ ਸ਼ੋਸ਼ਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਵੱਲੋਂ ਇੱਥੇ ਬੁਲਾਈ ਗਈ ਖਾਪ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕੁਰੂਕਸ਼ੇਤਰ ’ਚ ਮਹਾਪੰਚਾਇਤ ਦੀ ਬੈਠਕ ’ਚ ਇਸ ਮੁੱਦੇ ’ਤੇ ਅੱਗੇ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਹਿਲਵਾਨ ਹਾਰ ਕੇ ਵਾਪਸ ਨਹੀਂ ਜਾਣਗੇ। ਜੇਕਰ ਰਾਸ਼ਟਰਪਤੀ ਅਤੇ ਸਰਕਾਰ ਨਾਲ ਮੁਲਾਕਾਤ ਤੋਂ ਬਾਅਦ ਭਾਰਤੀ ਕੁਸ਼ਤੀ ਮਹਾਸੰਘ ਦੇ ਮੌਜੂਦਾ ਪ੍ਰਧਾਨ ਖ਼ਿਲਾਫ਼ ਕਾਰਵਾਈ ’ਤੇ ਕੋਈ ਫ਼ੈਸਲਾ ਨਹੀਂ ਹੁੰਦਾ ਹੈ ਤਾਂ ਮਹਾਪੰਚਾਇਤ ਅਗਲਾ ਕਦਮ ਉਠਾਏਗੀ। ਪਹਿਲਵਾਨਾਂ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੌਜੂਦਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਇੱਥੇ ਵੀਰਵਾਰ ਨੂੰ ਸ਼ੋਰਮ ਪਿੰਡ ’ਚ ਖਾਪ ਮਹਾਪੰਚਾਇਤ ਸ਼ੁਰੂ ਹੋਈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨਕਾਰੀ ਪਹਿਲਵਾਨਾਂ ਦੇ ਸਮਰਥਨ ’ਚ ਖਾਪਾਂ ਦੇ ਪ੍ਰਤੀਨਿਧੀ ਰਾਸ਼ਟਰਪਤੀ ਅਤੇ ਸਰਕਾਰ ਨਾਲ ਮਿਲਣਗੇ ਅਤੇ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਨਿਆਂ ਨਹੀਂ ਮਿਲ ਜਾਂਦਾ।