ਘੱਲੂਘਾਰਾ ਹਫ਼ਤੇ ਨੂੰ ਲੈ ਕੇ ਪੁਲਸ ਨੇ ਵਧਾਈ ਚੌਕਸੀ, 24 ਘੰਟੇ ਰਹੇਗੀ ਪੁਲਸ ਤਾਇਨਾਤ

ਅੰਮ੍ਰਿਤਸਰ : ਘੱਲੂਘਾਰਾ ਹਫ਼ਤੇ ਦੇ ਚੱਲਦਿਆਂ ਕਮਿਸ਼ਨਰੇਟ ਪੁਲਸ ਨੇ ਸ਼ਹਿਰ ’ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੰਤਵ ਨਾਲ ਪੁਲਸ ਫੋਰਸ ਅਤੇ ਏ. ਆਰ. ਐੱਫ਼. ਦੀਆਂ ਟੀਮਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਡੀ. ਸੀ. ਪੀ. ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਜ਼ੋਨ ਵਾਈਜ਼ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸ਼ਹਿਰ ਦੇ ਅੰਦਰੂਨੀ ਅਤੇ ਬਾਹਰਵਾਰ ਇਲਾਕਿਆਂ ਵਿਚ ਇਹ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਵਾਲਡ ਸਿਟੀ ਦੇ ਕਰੀਬ 60 ਨਾਕਾ ਪੁਆਇੰਟਾਂ ਉਪਰ 24 ਘੰਟੇ ਸ਼ਿਫਟ ਵਾਈਜ਼ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਹਰੇਕ ਆਉਣ-ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਆਮ ਜਨਤਾ ਦੇ ਨਾਮ ਅਪੀਲ ਕਰਦਿਆਂ ਡੀ. ਸੀ. ਪੀ. ਭੰਡਾਲ ਨੇ ਕਿਹਾ ਕਿ ਲੋਕ ਕਮਿਸ਼ਨਰੇਟ ਪੁਲਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ਉਪਰ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫਲਾਓ ਨਾ ਹੀ ਯਕੀਨ ਕਰਨ। ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਭਿਣਕ ਪੈਂਦਿਆਂ ਲੋਕ ਨੇੜਲੇ ਪੁਲਸ ਸਟੇਸ਼ਨ ਜਾਂ ਕੰਟਰੋਲ ਰੂਮ ਉਪਰ ਫੌਰੀ ਤੌਰ ’ਤੇ ਇਤਲਾਹ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ। ਅਫਵਾਹ ਫੈਲਾਉਣ ਵਾਲਿਆਂ ਤੇ ਹੋਵੇਗੀ ਕਾਨੂੰਨੀ ਕਾਰਵਾਈ। ਡੀ. ਸੀ. ਪੀ ਭੰਡਾਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਝੂਠੀ ਅਫਵਾਹ ਜਾਂ ਸ਼ਰਾਰਤ ਸਾਹਮਣੇ ਆਉਣ ’ਤੇ ਪੁਲਸ ਵਲੋਂ ਯਕੀਨੀ ਤੌਰ ’ਤੇ ਕਾਨੂੰਨੀ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਵਾਸੀ ਆਪਣਾ ਤੇ ਪੁਲਸ ਦਾ ਸਮਾਂ ਬਚਾਉਣ ਲਈ ਆਪਣਾ ਵਾਹਨਾਂ ਦੇ ਦਸਤਾਵੇਜ਼ ਮੁਕੰਮਲ ਤੌਰ ’ਤੇ ਕੋਲ ਰੱਖਣ।
ਉੱਡਣ ਦਸਤੇ ਰੱਖਣਗੇ ਪੂਰੇ ਸ਼ਹਿਰ ’ਚ ਬਾਜ਼ ਅੱਖ
ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਡੀ. ਸੀ. ਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਅਮਨ ਸ਼ਾਂਤੀ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਦਿਨ-ਰਾਤ ਪੁਲਸ ਦੇ ਉੱਡਣ ਦਸਤੇ ਸ਼ਹਿਰ ਵਿਚ ਹੋਣ ਵਾਲੀ ਕਿਸੇ ਵੀ ਹਰਕਤ ਉੱਪਰ ਪੂਰੀ ਤਰਾ ਬਾਜ਼ ਅੱਖ ਬਣਾਈ ਰੱਖਣਗੇ।
ਬਾਬਾ ਬਕਾਲਾ ਸਾਹਿਬ ਤੇ ਰਈਆ ’ਚ ਫਲੈਗ ਮਾਰਚ
ਪੁਲਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ : ਡੀ. ਐੱਸ. ਪੀ.
ਰਈਆ/ਬਾਬਾ ਬਕਾਲਾ ਸਾਹਿਬ (ਹਰਜੀਪ੍ਰੀਤ/ਅਠੌਲਾ) : ਪੰਜਾਬ ਵਿਚ ਘੱਲੂਘਾਰਾ ਦਿਵਸ ਨੂੰ ਲੈ ਕੇ ਚਲ ਰਹੇ ਸਮਾਗਮਾਂ ਦੌਰਾਨ ਅਮਨ ਸ਼ਾਂਤੀ ਬਣਾਏ ਰੱਖਣ ਲਈ ਸਥਾਨਕ ਪੁਲਸ ਵਲੋਂ ਹਰਕ੍ਰਿਸ਼ਨ ਸਿੰਘ ਡੀ. ਐੱਸ. ਪੀ. ਬਾਬਾ ਬਕਾਲਾ ਦੀ ਅਗਵਾਈ ਹੇਠ ਰਈਆ ਅਤੇ ਬਾਬਾ ਬਕਾਲਾ ਸਾਹਿ ਵਿਖੇ ਫਲੈਗ ਮਾਰਚ ਕੱਢਿਆ ਗਿਆ। ਮਾਰਚ ਵਿਚ ਯਾਦਵਿੰਦਰ ਸਿੰਘ, ਬਿਕਰਮਜੀਤ ਸਿੰਘ ਕ੍ਰਮਵਾਰ ਥਾਣਾ ਮੁਖੀ ਬਿਆਸ ਤੇ ਖਿਲਚੀਆਂ, ਸੰਜੀਵ ਕੁਮਾਰ ਚੌਕੀ ਇੰਚਾਰਜ ਰਈਆ, ਬਾਬਾ ਬਕਾਲਾ, ਸਠਿਆਲਾ ਤੇ ਬੁਤਾਲਾ ਦੇ ਚੌਕੀ ਇੰਚਾਰਜਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਹਾਜ਼ਰ ਸਨ।ਇਸ ਮੌਕੇ ਡੀ. ਐੱਸ. ਪੀ. ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਪੁਲਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਆਮ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।