ਕਾਂਗਰਸ 85 ਫ਼ੀਸਦੀ ਕਮਿਸ਼ਨ ਖਾਣ ਵਾਲੀ ਪਾਰਟੀ : PM ਨਰਿੰਦਰ ਮੋਦੀ

ਅਜਮੇਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਹਰ ਯੋਜਨਾ ’ਚ 85 ਫ਼ੀਸਦੀ ਕਮਿਸ਼ਨ ਖਾਣ ਵਾਲੀ ਪਾਰਟੀ ਕਰਾਰ ਦਿੰਦਿਆਂ ਬੁੱਧਵਾਰ ਨੂੰ ਕਿਹਾ ਕਿ ਦੇਸ਼ ਤੋਂ ਗਰੀਬੀ ਹਟਾਉਣ ਦੀ ਗਾਰੰਟੀ, ਗਰੀਬਾਂ ਨਾਲ ਕੀਤਾ ਗਿਆ ਕਾਂਗਰਸ ਦਾ ਸਭ ਤੋਂ ਵਿਸ਼ਵਾਸਘਾਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਰਣਨੀਤੀ ਰਹੀ ਹੈ ਕਿ ‘ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’।
ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਬਾਈਕਾਟ ’ਤੇ ਪਹਿਲੀ ਵਾਰ ਜਨਤਕ ਤੌਰ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਖੁਸ਼ੀ ਦੇ ਮੌਕੇ ਨੂੰ ਆਪਣੇ ਸਵਾਰਥੀ ਵਿਰੋਧ ਦੀ ਭੇਟ ਚੜ੍ਹਾ ਦਿੱਤਾ। ਮੌਜੂਦਾ ਸਮੇਂ ’ਚ ਪੂਰੀ ਦੁਨੀਆ ਭਾਰਤ ਦੇ ਗੁਣਗਾਣ ਕਰ ਰਹੀ ਹੈ।
ਮੋਦੀ ਅਜਮੇਰ ਕੋਲ ਕਾਯੜ ਰੈਸਟ ਹਾਊਸ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਆਪਣੇ 9 ਸਾਲਾਂ ਦੇ ਕਾਰਜਕਾਲ ’ਚ ਦੇਸ਼ ’ਚ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ,‘ਸਾਡੇ ਦੇਸ਼ ’ਚ ਵਿਕਾਸ ਦੇ ਕੰਮ ਲਈ ਪੈਸਿਆਂ ਦੀ ਕਮੀ ਕਦੇ ਵੀ ਨਹੀਂ ਰਹੀ ਪਰ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜੋ ਪੈਸਾ ਸਰਕਾਰ ਭੇਜੇ, ਉਹ ਪੂਰੇ ਦਾ ਪੂਰਾ ਵਿਕਾਸ ਦੇ ਕਾਰਜਾਂ ’ਚ ਲੱਗੇ ਪਰ ਕਾਂਗਰਸ ਨੇ ਆਪਣੇ ਰਾਜ ’ਚ ਦੇਸ਼ ਦਾ ਖੂਨ ਚੂਸਣ ਵਾਲੀ ਅਜਿਹੀ ਭ੍ਰਿਸ਼ਟ ਵਿਵਸਥਾ ਬਣਾ ਦਿੱਤੀ ਸੀ, ਜੋ ਦੇਸ਼ ਦੇ ਵਿਕਾਸ ਨੂੰ ਖਾਈ ਜਾ ਰਹੀ ਸੀ।’
ਉਨ੍ਹਾਂ ਕਿਹਾ, “ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਮੰਨਿਆ ਸੀ ਕਿ ਕਾਂਗਰਸ ਸਰਕਾਰ 100 ਪੈਸੇ ਭੇਜਦੀ ਹੈ ਤਾਂ ਉਸ ’ਚ 85 ਪੈਸੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਯੋਜਨਾ ’ਚ 85 ਫ਼ੀਸਦੀ ਕਮਿਸ਼ਨ ਖਾਣ ਵਾਲੀ ਪਾਰਟੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਸਿਰਫ ਝੂਠ ਬੋਲਣਾ ਆਉਂਦਾ ਹੈ ਅਤੇ ਉਹ ਅੱਜ ਵੀ ਇਹੀ ਕਰ ਰਹੀ ਹੈ।”