ਅਮਰੀਕਾ ਤੋਂ ਆਈ ਦੁਖ਼ਦਾਈ ਖ਼ਬਰ, ਕਾਰ ਹਾਦਸੇ ‘ਚ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ

ਨਿਊਯਾਰਕ – ਓਹੀਓ ਦੀ ਹੂਰੋਨ ਕਾਉਂਟੀ ਵਿੱਚ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 30 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਮਿਲਨ ਹਿਤੇਸ਼ਭਾਈ ਪਟੇਲ ਆਪਣੀ ਗੱਡੀ ਦੇ ਅੰਦਰ ਫਸ ਗਏ। ਓਹੀਓ ਸਟੇਟ ਹਾਈਵੇ ਪੈਟਰੋਲ ਨੌਰਵਾਕ ਪੋਸਟ ਦੇ ਅਨੁਸਾਰ ਪਟੇਲ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ, ਜੋ ਕਿ 30 ਮਈ ਨੂੰ ਸਵੇਰੇ 4:39 ਵਜੇ (ਸਥਾਨਕ ਸਮੇਂ ਮੁਤਾਬਕ) ਈਜਿਪਟ ਰੋਡ ਦੇ ਉੱਤਰ ਵਿੱਚ ਰੂਟ 61 ‘ਤੇ ਵਾਪਰਿਆ ਸੀ।
ਪਟੇਲ ਚਿੱਟੇ ਰੰਗ ਦੀ 2014 ਟੋਇਟਾ ਕੈਮਰੀ ਚਲਾ ਰਹੇ ਸਨ ਅਤੇ ਸੜਕ ਦੇ ਸੱਜੇ ਪਾਸੇ ਸਫ਼ਰ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟੋਏ ਵਿਚ ਵੱਜਣ ਮਗਰੋਂ ਟ੍ਰੈਫਿਕ ਚਿੰਨ੍ਹ ਅਤੇ ਦਰੱਖਤ ਨਾਲ ਟਕਰਾ ਗਈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਬੈਲਟ ਨਹੀਂ ਪਾਈ ਹੋਈ ਸੀ ਅਤੇ ਉਹ ਵਾਹਨ ਵਿੱਚ ਫਸੇ ਹੋਏ ਸਨ। ਇਹ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਟੇਲ ਸ਼ਰਾਬ ਪੀ ਕੇ ਜਾਂ ਡਰੱਗ ਦੇ ਨਸ਼ੇ ਵਿਚ ਗੱਡੀ ਚਲਾ ਰਹੇ ਸੀ।
ਹੂਰੋਨ ਕਾਉਂਟੀ ਸ਼ੈਰਿਫ ਦੇ ਦਫਤਰ, ਹੂਰੋਨ ਕਾਉਂਟੀ ਕੋਰੋਨਰ ਦਫਤਰ, ਵਿਲਾਰਡ ਫਾਇਰ ਐਂਡ ਰੈਸਕਿਊ, ਫੇਅਰਫੀਲਡ ਫਾਇਰ ਐਂਡ ਰੈਸਕਿਊ, ਵਿਲਕੋਕਸ ਟੋਇੰਗ ਅਤੇ ਓਹੀਓ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੇ ਮੌਕੇ ‘ਤੇ ਹਾਈਵੇ ਪੈਟਰੋਲ ਦੀ ਸਹਾਇਤਾ ਕੀਤੀ।