ਸਮਝਦਾਰਾਂ ਨੇ ਦਰਿਆ ਝੀਲਾਂ ਸਾਂਭ ਲਈਆਂ,

ਡਾ. ਬਾਲ ਮੁਕੰਦ ਸ਼ਰਮਾਂ ਨੇ ਜਦੋਂ ਮੈਨੂੰ PLAU ਟਰਾਈ ਸਿਟੀ ਚੰਡੀਗੜ੍ਹ ਦੇ ਇੱਕ ਸਮਾਗਮ ‘ਚ ਸੱਦਿਆ ਤਾਂ ਮੈਂ ਫ਼ਰੀਦਕੋਟ ਤੋਂ ਬੱਸ ਚੜ੍ਹ ਕੇ ਸਵੇਰੇ ਹੀ ਸੁਖ਼ਨਾ ਲੇਕ ‘ਤੇ ਪਹੁੰਚ ਗਿਆ। ਸਾਡੇ ਵਾਲਾ ਸਮਾਗਮ ਦੇਰ ਨਾਲ ਸ਼ੁਰੂ ਹੋਣਾ ਸੀ, ਸੋ ਮੈਂ ਬਰੇਕ ਫ਼ਾਸਟ ਲੈਣ ਤੋਂ ਬਾਅਦ ਕੁੱਝ ਦੇਰ ਝੀਲ ‘ਤੇ ਟਹਿਲ ਕੇ ਉੱਥੇ ਹੋ ਰਹੇ ਸਮਾਗਮ ਦਾ ਆਨੰਦ ਮਾਨਣ ਲੱਗਾ, ਅਤੇ ਓਦੋਂ ਨੂੰ ਸ਼ਰਮਾ ਜੀ ਦਾ ਫ਼ੋਨ ਆ ਗਿਆ। ਮੈਂ ਸਮਾਗਮ ਵਾਲੀ ਜਗਾ ਵੱਲ ਵਧਦਿਆਂ ਅਪਣੀਂ ਬੱਸ ਵਾਲੀ ਟਿਕਟ ‘ਤੇ ਇਹ ਲਾਈਨ ਲਿਖ ਦਿੱਤੀ ਜੋ ਉਸ ਝੀਲ ਦਾ ਨਜ਼ਾਰੇ ਅਤੇ ਸਾਡੇ ਪਿੰਡ ਦੇ ਛੱਪੜ ਨੂੰ ਸੋਚ ਕੇ ਮਨ ‘ਚ ਆਈ ਸੀ, ਬੋਲ ਇਓਂ ਹਨ:
ਸਮਝਦਾਰਾਂ ਨੇ ਦਰਿਆ ਝੀਲਾਂ ਸਾਂਭ ਲਈਆਂ,
ਅਸੀਂ ਬੇਸਮਝਾਂ ਤੋਂ ਛੱਪੜ ਸਾਂਭ ਵੀ ਹੋਏ ਨਾ . . .
ਕਾਫ਼ੀ ਪੁਰਾਣੇ ਅਤੇ ਜਾਣੇ ਪਹਿਚਾਣੇ ਅਤੇ ਅਣਜਾਣੇ ਸਾਥੀ ਉੱਥੇ ਮਿਲੇ। ਮੇਰੇ ਸੀਨੀਅਰ ਡਾ. ਵਾਲੀਆ, ਡਾ. ਖੋਸਲਾ ਅਤੇ ਡਾ. ਨਿਤਨ ਵੀ ਉਥੇ ਆਏ ਹੋਏ ਸਨ। ਮੈਨੂੰ ਉੱਥੇ ਕੁੱਝ ਕਹਿਣ ਦਾ ਮੌਕਾ ਵੀ ਮਿਲਿਆ ਜਿਸ ‘ਚ ਉਪਰੋਕਤ ਸਤਰ ਵੀ ਸ਼ਾਮਿਲ ਸੀ। ਸਮਾਗਮ ਬਹੁਤ ਅੱਛਾ ਲੱਗਾ ਅਤੇ ਸਾਥੀਆਂ ਨੇ ਮੈਨੂੰ ਇਸ ਗਰੁੱਪ ‘ਚ ਸ਼ਾਮਿਲ ਕਰ ਲਿਆ। ਮੁਕਦੀ ਗੱਲ ਇਸ ਗਰੁੱਪ ‘ਚ ਵਿਚਰਦੇ ਡਾ. ਜੋਗਿੰਦਰ ਸਿੰਘ ਬਰਾੜ ਨੇ ਕੌਮੈਂਟ ‘ਚ ਮੇਰੀ ਰਚਨਾ ਨੂੰ ਸਲਾਹਿਆ ਅਤੇ ਸਾਡੇ ਇਲਾਕੇ ਦੇ ਹੋਣ ਦੀ ਗੱਲ ਕੀਤੀ। ਮੇਰੀ ਪਿੰਡਾਂ ਕਰਕੇ ਉਤਸੁਕਤਾ ਵੱਧ ਹੋ ਗਈ, ਅਤੇ ਮੈਂ ਉਹਨਾਂ ਨੂੰ ਫ਼ੋਨ ਕੀਤਾ ਤਾਂ ਉਹਨਾਂ ਦਾ ਸਹੁਰਾ ਪਰਿਵਾਰ ਵੀ ਮੇਰੇ ਪਿੰਡਾਂ ਦਾ ਮੇਰਾ ਜਾਣੂ ਹੀ ਨਿਕਲਿਆ। ਉਹਨਾਂ ਨਾਲ ਗੱਲਾਂ ਕਰਦਿਆਂ ਕੁੱਝ ਵਿਲੱਖਣ ਜਾਣਕਾਰੀਆਂ ਮਿਲੀਆਂ। ਸੋ ਇਸ ਕਾਲਮ ਰਾਹੀਂ ਉਹ ਆਪ ਜੀ ਨਾਲ ਸਾਂਝੀਆਂ ਕਰਨ ਦਾ ਮਾਣ ਲਵਾਂਗਾ।
ਦੱਸਦੇ ਨੇ ਕਿ ਮੁਕਤਸਰ ਦੇ ਇਲਾਕੇ ‘ਚ ਪਹਿਲਾਂ ਤੰਬਾਕੂ ਦੀ ਖੇਤੀ ਵੀ ਹੁੰਦੀ ਸੀ, ਅਤੇ ਉਸ ਦੇ ਰੀਸਰਚ ਸੈਂਟਰ ਵੀ ਸਨ। ਹੁਣ ਜਿੱਥੇ ਾਂੜਾਂ ਮੱਲਵਾਲ (ਫ਼ਿਰੋਜ਼ਪੁਰ) ਹੈ, ਉਸ ਦਾ ਵੀ ਜ਼ਿਕਰ ਮਿਲਦਾ ਹੈ। ਕਿਤੇ ਕਿਤੇ ਦੇਸੀ ਕਪਾਹ ਦੀ ਖੇਤੀ ਹੁੰਦੀ ਸੀ। ਓਦੋਂ ਰੀਸਰਚ ਦਾ ਕੰਮ ਵੀ ਖੇਤੀ-ਬਾੜੀ ਵਿਭਾਗ ਹੀ ਕਰਦਾ ਸੀ। ਤੰਬਾਕੂ ਦੀ ਖੇਤੀ ਕਈ ਕਾਰਨਾਂ ਕਰ ਕੇ ਖ਼ਤਮ ਹੋ ਗਈ। ਗਿਦੜਬਾਹੇ ‘ਚ ਤੰਬਾਕੂ ਨਸਵਾਰ ਦੀਆਂ ਫ਼ੈਕਟਰੀਆਂ ਵੀ ਹੌਲੀ ਹੌਲੀ ਬੰਦ ਹੋ ਗਈਆਂ। ਨਰਮੇ ਦੀ ਖੇਤੀ ਨੇ ਸਾਡੇ ਕਿਸਾਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ।
ਗੱਲ ਕਰਦੇ ਹਾਂ (LABH SINGh SELECTION LINE) ਦੀ। ਅਮਰੀਕੀ ਕਾਟਨ ਨੂੰ ਇੱਥੇ ਸਥਾਪਿਤ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਸਨ ਪਰ ਬਹੁਤੀ ਕਾਮਯਾਬੀ ਨਹੀਂ ਸੀ ਮਿਲ ਰਹੀ। ਲਾਇਲਪੁਰ ਨਾਲ ਜੁੜੇ ਖੋਜ ਕੇਂਦਰ ਵਿੱਚ ਲਾਭ ਸਿੰਘ ਦੀ ਮਿਹਨਤ ਐਸੀ ਰੰਗ ਲਿਆਈ ਕਿ ਕਾਇਆਕਲਪ ਹੀ ਕਰ ਦਿੱਤੀ। ਇੱਕ ਵਾਰ ਇੱਕ ਕਿਸਾਨ ਦਾ ਸਾਰਾ ਨਰਮਾਂ ਬਰਬਾਦ ਹੋ ਗਿਆ, ਅਤੇ ਸਿਰਫ਼ ਇੱਕ ਬੂਟਾ ਬਚਿਆ ਜੋ ਪੂਰਾ ਤੰਦਰੁਸਤ ਸੀ। ਸੋ ਲਾਭ ਸਿੰਘ ਨੇ ਉਹ ਬੂਟੇ ਦੀ ਨਿਗਰਾਨੀ ‘ਤੇ ਲੱਗ ਗਿਆ ਅਤੇ ਤਿੰਨ ਚਾਰ ਮਹੀਨੇ ਉਸ ਬੂਟੇ ਉਤੇ ਹੀ ਲਗਾ ਦਿੱਤੇ। ਉਸ ਤੋਂ ਜੋ ਬੀਜ ਬਣਿਆ ਉਹ ਇੱਕ ਅਣਮੋਲ ਖ਼ਜ਼ਾਨੇ ਵਾਂਗ ਸੀ। ਸ਼ਾਇਦ ਇਹ surivval of the fittest ਸੀ। ਜਦੋਂ ਉਹਨਾਂ ਦੀ ਬਦਲੀ ਹੋ ਗਈ ਤਾਂ ਉਹਨਾਂ ਦੀ ਪਤਨੀ ਨੇ ਘਰ ਦਾ ਸਮਾਨ ਅਤੇ ਲਾਭ ਸਿੰਘ ਨੇ ਉਹ ਬੀਜ ਸਾਂਭਿਆ ਜੋ ਇੱਕ ਵੱਖਰੇ ਟਰੰਕ ‘ਚ ਸਾਂਭਿਆ ਹੋਇਆ ਸੀ। 1933 ‘ਚ ਲਾਭ ਸਿੰਘ ਸਲੈਕਸ਼ਨ ਲਾਈਨ ਦੀ ਕਾਮਯਾਬੀ ਭਾਰਤ ‘ਚ ਮੀਲ ਪੱਥਰ ਸਾਬਿਤ ਹੋਈ। ਉਸ ਬੀਜ ਨੇ ਹੀ ਪੰਜਾਬ ਦੇ ਨਰਮਾ ਪੱਟੀ ਦੇ ਲੋਕਾਂ ਨੂੰ ਖ਼ੂਬ ਖੁਸ਼ਹਾਲ ਕੀਤਾ। ਕੱਚੇ ਘਰਾਂ ਤੋਂ ਕਾਰਾਂ ਕੋਠੀਆਂ ਤੱਕ ਦਾ ਸਫ਼ਰ ਅਤੇ ਬੱਚਿਆਂ ਦੀ ਉਚੇਰੀ ਪੜ੍ਹਾਈ ‘ਚ ਲਾਭ ਸਿੰਘ ਦੇ ਉਸ ਬੂਟੇ ਤੋਂ ਬੀਜ ਬਣਾਉਣ ਦਾ ਵੱਡਾ ਯੋਗਦਾਨ ਹੈ।
ਲਾਭ ਸਿੰਘ ਹੋਰਾਂ ਦੀ ਪਾਰਖੂ ਨਜ਼ਰ ਨੇ ਪੰਜਾਬ ਵਾਸਤੇ ਇੱਕ ਵੱਖਰੀ ਲਾਈਨ ਨਰਮੇਂ ਦੀ ਤਿਆਰ ਕਰ ਲਈ। ਜਦੋਂ ਯੂਨੀਵਰਸਿਟੀ ਬਣੀ ਤਾਂ ਉਹਨਾਂ ਨੇ ਇਸ ਲੜੀ ਨੂੰ ਹੋਰ ਅੱਗੇ ਤੋਰਿਆ। ਕਿਸਾਨਾਂ ਲਈ ਦਿਨ ਰਾਤ ਕੰਮ ਕੀਤਾ। ਅਜਿਹੇ ਕਰਮ-ਯੋਗੀ ਸਾਡੇ ਸਮਾਜ ਦਾ ਵਡਮੁੱਲਾ ਸਰਮਾਇਆ ਨੇ। ਹੁਣ ਜਦ ਯੂਨੀਵਰਸਿਟੀ ‘ਚ ਲਾਭ ਸਿੰਘ ਲੈਬਾਰਟਰੀ ਨੂੰ ਤੱਕਾਂਗਾ ਤਾਂ ਮੈਨੂੰ ਬਿਲਡਿੰਗ ‘ਤੇ ਲਿਖਿਆ ਲਾਭ ਸਿੰਘ ਦਾ ਨਾਮ ਹੀ ਨਹੀਂ ਸਗੋਂ ਇੱਕ ਜਿਉਂਦਾ ਜਾਗਦਾ ਲੋਕਾਂ ਦੀ ਸੇਵਾ ਲਈ ਸਮਰਪਿਤ ਪੰਜਾਬ ਦੀ ਮਾਣਮੱਤਾ ਪੁੱਤਰ ਲਾਭ ਸਿੰਘ ਉਸ ਬਿਲਡਿੰਗ ‘ਚ ਅਪਣੀਂ ਤਨਦੇਹੀ ਨਾਲ ਕੰਮ ਰਹੇ ਸੰਇਸਦਾਨਾਂ ‘ਚੋਂ ਨਜ਼ਰੀਂ ਪਵੇਗਾ।