ਭਾਰਤ ਦੌਰੇ ‘ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ, PM ਮੋਦੀ ਨੇ ਵੱਖ-ਵੱਖ ਮੁੱਦਿਆਂ ‘ਤੇ ਕੀਤੀ ਚਰਚਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਯਾਤਰਾ ‘ਤੇ ਆਏ ਆਪਣੇ ਨੇਪਾਲੀ ਹਮਰੁਤਬਾ ਪੁਸ਼ਪਾ ਕਮਲ ਦਾਹਾਲ ‘ਪ੍ਰਚੰਡ’ ਨਾਲ ਵੀਰਵਾਰ ਨੂੰ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਊਰਜਾ, ਸੰਪਰਕ ਅਤੇ ਵਪਾਰ ਸਮੇਤ ਕਈ ਖੇਤਰਾਂ ਵਿਚ ਭਾਰਤ-ਨੇਪਾਲ ਸਹਿਯੋਗ ਨੂੰ ਵਧਾਉਣ ਲਈ ਗੱਲਬਾਤ ਕੀਤੀ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਭਾਰਤ ਦੀ 4 ਦਿਨਾਂ ਯਾਤਰਾ ਸ਼ੁਰੂ ਕੀਤੀ।
ਦੱਸ ਦੇਈਏ ਕਿ ਦਸੰਬਰ 2022 ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਕਮਿਊਨਿਸਟ ਪਾਰਟੀ ਆਫ਼ ਨੇਪਾਲ-ਮਾਓਵਾਦੀ ਦੇ 68 ਸਾਲਾ ਨੇਤਾ ਪੁਸ਼ਪ ਕਮਲ ਦੀ ਇਹ ਪਹਿਲੀ ਦੋ-ਪੱਖੀ ਵਿਦੇਸ਼ੀ ਯਾਤਰਾ ਹੈ। ਨੇਪਾਲੀ ਨੇਤਾ ਦੀ ਭਾਰਤ ਯਾਤਰਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਪੁਸ਼ਪ ਕਮਲ ਵਿਚਾਲੇ ਦੋ-ਪੱਖੀ ਗੱਲਬਾਤ ਦਾ ਕੇਂਦਰ ਬਿੰਦੂ ਦੋਹਾਂ ਦੇਸ਼ਾਂ ਵਿਚਾਲੇ ਸੰਪਰਕ, ਅਰਥਵਿਵਸਥਾ, ਊਰਜਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਡੂੰਘੇ ਸਹਿਯੋਗ ਨਾਲ ਭਾਰਤ ਅਤੇ ਨੇਪਾਲ ਵਿਚਾਲੇ ਰਿਸ਼ਤਿਆਂ ‘ਚ ਬਦਲਾਅ ਹੋਵੇਗਾ।
ਨੇਪਾਲ ਖੇਤਰ ਵਿਚ ਆਪਣੇ ਰਣਨੀਤਕ ਹਿੱਤਾਂ ਦੇ ਸੰਦਰਭ ‘ਚ ਭਾਰਤ ਲਈ ਮਹੱਤਵਪੂਰਨ ਹੈ ਅਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਅਕਸਰ ਸਦੀਆਂ ਪੁਰਾਣੇ ‘ਰੋਟੀ-ਬੇਟੀ’ ਸਬੰਧਾਂ ਦਾ ਧਿਆਨ ਦਿੱਤਾ ਹੈ। ਨੇਪਾਲ 5 ਭਾਰਤੀ ਸੂਬਿਆਂ- ਸਿੱਕਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨਾਲ 1850 ਕਿਲੋਮੀਟਰ ਤੋਂ ਵੱਧ ਸਰਹੱਦ ਸਾਂਝੀ ਕਰਦਾ ਹੈ। ਚਾਰੋਂ ਪਾਸੇ ਜ਼ਮੀਨ ਨਾਲ ਘਿਰਿਆ ਨੇਪਾਲ ਵਸਤੂਆਂ ਅਤੇ ਸੇਵਾਵਾਂ ਦੇ ਟਰਾਂਸਪੋਰਟ ਲਈ ਭਾਰਤ ‘ਤੇ ਵਧੇਰੇ ਨਿਰਭਰ ਕਰਦਾ ਹੈ। ਸਮੁੰਦਰ ਤੱਕ ਨੇਪਾਲ ਦੀ ਪਹੁੰਚ ਭਾਰਤ ਦੇ ਜ਼ਰੀਏ ਹੈ ਅਤੇ ਉਹ ਭਾਰਤ ਨਾਲ ਅਤੇ ਉਸ ਤੋਂ ਹੁੰਦੇ ਹੋਏ ਆਪਣੀਆਂ ਲੋੜਾਂ ਦਾ ਇਕ ਪ੍ਰਮੁੱਖ ਅਨੁਪਾਤ ਆਯਾਤ ਕਰਦਾ ਹੈ। ਸਾਲ 1950 ਦੀ ਭਾਰਤ-ਨੇਪਾਲ ਸ਼ਾਂਤੀ ਅਤੇ ਮਿੱਤਰਤਾ ਸੰਧੀ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਸਬੰਧਾਂ ਦਾ ਆਧਾਰ ਹੈ।