ਬਿੱਲੂ

-”ਤੁਸੀਂ ਕੱਲ੍ਹ ਨੂੰ ਉਸ ਤੋਂ ਅਪਾਇੰਟਮੈਂਟ ਲਵੋ ਤੇ ਸਾਰੀ ਗੱਲ ਦੀ ਕਨਸੋਅ ਕੱਢੋ!” ਬਿੱਲੂ ਕੈਨੇਡਾ ਜਾਣ ਲਈ ਕੁਝ ਜ਼ਿਆਦਾ ਹੀ ‘ਤੱਤਾ’ ਸੀ।
-”ਪਰ ਗੱਲ ਹੋਰ ਐ-!” ਪਾਪਾ ਜੀ ਨੇ ਆਖਿਆ।
-”ਕੀ …?” ਉਸ ਦੇ ਘਰਵਾਲ਼ੀ ਬੋਲੀ।
-”ਹੁਣ ਤੁਸੀਂ ਨਾ ਬਾਪੂ ਜੀ ਵਾਂਗੂੰ ਕੋਈ ਨਵਾਂ ਸੱਪ ਕੱਢ ਲਿਓ! ਐਹੋ ਜੇ ਰਿਸ਼ਤੇ ਨਿੱਤ ਨਿੱਤ ਨ੍ਹੀ ਮਿਲ਼ਦੇ, ਜਨਾਬ!” ਉਹ ਆਪਣੇ ਘਰਵਾਲ਼ੇ ਵੱਲ ਇੰਜ ਝਾਕ ਰਹੀ ਸੀ। ਜਿਵੇਂ ਗੁਰਦੁਆਰੇ ਦਾ ਕੁੱਤਾ ਰੋਟੀ ਵਾਸਤੇ ਗਿਆਨੀ ਵੱਲ ਝਾਕਦੈ।
-”ਉਏ, ਨਹੀਂ …! ਮੇਰੀ ਗੱਲ ਤਾਂ ਸੁਣ ਲਓ …!”
-”ਦੱਸੋ …?”
-”ਆਪਣੀ ਸੀਤਲ ਦੀ ਉਮਰ ਹੈਗੀ ਐ ਤੇਈ ਸਾਲ ਦੀ-ਤੇ ਇਸ਼ਤਿਹਾਰ ਅਨੁਸਾਰ ਉਸ ਮੁੰਡੇ ਦੀ ਉਮਰ ਲਿਖੀ ਐ ਪਚਵੰਜਾ ਸਾਲ!”
-”ਫੇਰ …? ਕੀ ਮਤਲਬ …?” ਸਾਰੇ ਉਸ ਵੱਲ ਵੱਢਖਾਣੀ ਝਾਕਣੀ ਝਾਕੇ। ਜਿਵੇਂ ਪਾਪਾ ਜੀ ਰਿਸ਼ਤੇ ਲਈ ‘ਨਾਂਹ’ ਕਰਨ ਲੱਗੇ ਸਨ।
-”ਮਤਲਬ ਇਹ ਐ ਬਈ ਕੁੜੀ ਮੁੰਡੇ ਦਾ ਬੱਤੀ ਸਾਲ ਦਾ ਫ਼ਰਕ ਐ-।”
-”ਫੇਰ ਕੀ ਲੋਹੜ੍ਹਾ ਆ ਗਿਆ ਜੀ? ਤੁਸੀਂ ਵੀ ਬਣਦੇ ਕੰਮ ਵਿਗਾੜਨ ਆਲ਼ੇ ਓਂ-ਮੈਂ ਵੀ ਤੁਹਾਡੇ ਨਾਲੋਂ ਦਸ ਸਾਲ ਵੱਡੀ ਹੀ ਹਾਂ-ਆਪਾਂ ਵੀ ਤਾਂ ਬੜਾ ਵਧੀਆ ਵਸਦੇ ਰਸਦੇ ਆਂ?” ਉਸ ਨੇ ‘ਰਸਦੇ’ ઑਤੇ ਕਾਫ਼ੀ ਜ਼ੋਰ ਦਿੱਤਾ ਸੀ।
-”ਉਏ ਪਰਮ ਕੌਰੇ! ਮੁੰਡਾ ਹੈਗਾ ਪਚਵੰਜਾ ਸਾਲਾਂ ਦਾ-ਤੇ ਮੈਂ ਹੈਗਾਂ ਛਪੰਜਾ ਸਾਲਾਂ ਦਾ! ਕਹਿਣ ਦਾ ਮਤਲਬ, ਮੇਰਾ ਤੇ ਉਸ ਲੜਕੇ ਦਾ ਸਿਰਫ਼ ਇੱਕ ਸਾਲ ਦਾ ਈ ਫ਼ਰਕ ਐ-!”
-”ਫੇਰ ਕੀ ਪਰਲੋਂ ਆ ਗਈ?” ਘਰਵਾਲ਼ੀ ਤੁਰੰਤ ਬੋਲੀ।
-”ਵ੍ਹਾਏ ਆਰ ਯੂ ਸੋ ਮੈਡ, ਮੈਨ? ਲੋਕ ਕੀ ਆਖਣਗੇ? ਪ੍ਰਾਹੁਣਾਂ ਪਿਉ ਦੀ ਉਮਰ ਦਾ ਐ?”
-”ਲੋਕਾਂ ਦੇ ਮਾਰੋ ਗੋਲ਼ੀ …! ਆਪਾਂ ਪਿੰਡ ‘ਚ ਵਿਆਹ ਕਰਨਾ ਈ ਨ੍ਹੀ! ਆਪਾਂ ਵਿਆਹ ਕਰਾਂਗੇ ਈ ਮੈਰਿਜ ਪੈਲਿਸ ਦੇ ਵਿੱਚ, ਸ਼ਹਿਰ …! ਗੱਲ ਮੁੱਕੀ ਰਾਂਦ ਕੱਟੀ!” ਪਰਮ ਕੌਰ ਨੇ ਉਸ ਦੀ ਅਗਲੀ ਮੁਸ਼ਕਿਲ ਵੀ ਹੱਲ ਕਰ ਦਿੱਤੀ।
-”ਤੇ ਅਗਲੀ ਗੱਲ-!”
-”ਅਗਲੀ ਗੱਲ ਕੀ? ਹੁਣ ਹੋਰ ਕੀ ਰਹਿ ਗਿਆ, ਪਾਪਾ ਜੀ …?” ਸੀਤਲ ਬੋਲੀ। ਉਹ ਵੀ ਆਪਣੇ ਆਪ ਨੂੰ ਕੈਨੇਡਾ ਵਾਲੇ ਜਹਾਜ ਵਿੱਚ ਬੈਠੀ ਮਹਿਸੂਸ ਕਰ ਰਹੀ ਸੀ। ਜਿਹੜਾ ਵੈਨਕੂਵਰ ਜਾਂ ਟਰਾਂਟੋ ਉਡਾਰੀ ਮਾਰਨ ਲਈ ਤਿਆਰ ਸੀ।
-”ਇਸ਼ਤਿਹਾਰ ਵਿੱਚ ਸਾਫ਼ ਲਿਖਿਆ ਹੈ ਕਿ ਉਸ ਨੂੰ ਬਾਂਝ ਕੁੜੀ ਦੀ ਲੋੜ ਐ।”
-”ਦੇਖੋ ਜੀ …! ਅਗਲੇ ਦੀਆਂ ਵੀਹ ਮਜਬੂਰੀਆਂ ਹੁੰਦੀਐਂ-ਆਪਾਂ ਨੂੰ ਕੀ? ਆਪਾਂ ਅਗਲੇ ਦੀ ਪ੍ਰਾਈਵੇਸੀ ‘ਚ ਕਿਉਂ ਦੇਖੀਏ? ਖਾਵੇ ਖਸਮਾਂ ਨੂੰ! ਅਗਲੇ ਦਾ ਪਹਿਲਾਂ ਵਿਆਹ ਕਰਵਾਇਆ ਹੋਣੈਂ? ਤੇ ਬੱਚੇ ਜੁਆਨ ਹੋਣਗੇ? ਅਗਲਾ ਇਹ ਈ ਸੋਚਦਾ ਹੋਊ ਬਈ ਅਗਲੀ ਦੇ ਕੋਈ ਬੱਚਾ ਨਾ ਹੋਵੇ-ਤਾਂ ਕਿ ਪਹਿਲੀ ਔਲ਼ਾਦ ਦਾ ਹਿੱਸਾ ਨਾ ਮਾਰਿਆ ਜਾਵੇ-ਮਤਲਬ ਪਹਿਲੀ ਔਲ਼ਾਦ ਦਾ ਕੋਈ ਸ਼ਰੀਕ ਨਾ ਜੰਮੇਂ-ਆਪਾਂ ਬੱਚੇ ਤੋਂ ਕਰਵਾਉਣਾ ਵੀ ਕੀ ਐ? ਬਥੇਰੀ ਦੁਨੀਆਂ ਬਗੈਰ ਔਲ਼ਾਦ ਤੋਂ ਫਿਰਦੀ ਐ-ਉਹ ਕਿਤੇ ਮਰ ਜਾਂਦੇ ਐ …?”
-”ਪਾਪਾ ਜੀ ਇੱਕ ਗੱਲ ਦੱਸਾਂ …? ਟੂ ਬੀ ਵੈਰ੍ਹੀ ਫ਼ਰੈਂਕ …! ਕੈਨੇਡਾ ਜਾਣ ਲਈ ਮੈਂ ਆਪਣੀ ਬੱਚੇਦਾਨੀ ਕਢਵਾਉਣ ਲਈ ਤਿਆਰ ਹਾਂ …!” ਕੁੜੀ ਨੇ ਅਜੀਬ ਹੀ ਭਾਖ਼ਿਆ ਦਿੱਤੀ।
-”… …।” ਸਾਰੇ ਉਸ ਦੇ ਕਹਿਣ ‘ਤੇ ਦੰਗ ਰਹਿ ਗਏ। ਆਪ ਕੈਨੇਡਾ ਪਹੁੰਚਣ ਅਤੇ ਪ੍ਰੀਵਾਰ ਨੂੰ ਕੈਨੇਡਾ ਪਹੁੰਚਾਉਣ ਲਈ ਸੀਤਲ ਸੂਲ਼ੀ ‘ਤੇ ਚੜ੍ਹਨ ਲਈ ਤਿਆਰ ਖੜ੍ਹੀ ਸੀ!
-”ਮੇਰੇ ਬੇਸ ‘ਤੇ ਤੁਸੀਂ ਸਾਰਾ ਪ੍ਰੀਵਾਰ ਕੈਨੇਡਾ ਪਹੁੰਚ ਜਾਵੋਂਗੇ-ਸੈੱਟਲ ਹੋ ਜਾਵੋਂਗੇ-ਦੁਨੀਆਂ ਆਪਣੇ ਭੈਣਾਂ ਭਰਾਵਾਂ ਲਈ ਆਪਣੀ ਕੁਰਬਾਨੀ ਦਿੰਦੀ ਆਈ ਐ-ਮੈਂ ਕੈਨੇਡਾ ਪਹੁੰਚਣ ਤੇ ਤੁਹਾਨੂੰ ਕੈਨੇਡਾ ਪਹੁੰਚਾਣ ਲਈ ਆਪਣੀ ਬੱਚੇਦਾਨੀ ਦੀ ਬਲੀ ਦਿਆਂਗੀ!”
-”ਉਏ ਹਟਜੋ! ਉਏ ਦੁਸ਼ਟੋ …! !” ਪਾਸੇ ਇੱਕ ਖੂੰਜੇ ਵਿੱਚ ਖੜ੍ਹਾ ਬਜ਼ੁਰਗ ਚੀਕਿਆ। ਉਸ ਨੇ ਪਾਸੇ ਖੜ੍ਹ ਕੇ ਸਾਰੀਆਂ ਗੱਲਾਂ ਹੀ ਸੁਣ ਲਈਆਂ ਸਨ। ਬੱਚੇਦਾਨੀ ਕਢਵਾਉਣ ਵਾਲੀ ਮਨਹੂਸ ਗੱਲ ਉਸ ਤੋਂ ਜਰੀ ਨਹੀਂ ਗਈ ਸੀ।
-”ਉਏ, ਉਏ ਹਰਮਨ ਸਿਆਂ …! ਰੱਬ ਔਰਤ ਨੂੰ ਸਰਿਸ਼ਟੀ ਅੱਗੇ ਤੋਰਨ ਵਾਸਤੇ ਬੱਚੇਦਾਨੀ ਇੱਕ ਵਰਦਾਨ, ਇੱਕ ਦਾਤ ਵਜੋਂ ਬਖ਼ਸ਼ਦੈ! ਜੀਹਦੇ ਔਲ਼ਾਦ ਨਹੀਂ ਹੁੰਦੀ-ਲੋਕ ਉਸ ਔਰਤ ਨੂੰ ਡੈਣ ਆਖ ਕੇ ਦੁਰਕਾਰਦੇ ਐ! ਤੇ ਤੁਸੀਂ? ਤੁਸੀਂ ਆਪ ਇਹ ਦੁਰਕਾਰ ਹੱਥੀਂ ਕਬੂਲਣ ਦੀ ਗੱਲ ਕਰਦੇ ਓਂ? ਨਾ ਉਏ …! ਨਾ ਇਹ ਜੁਲਮ ਕਰੋ! ਨਾ ਰੱਬ ਦੇ ਸ਼ਰੀਕ ਬਣੋਂ ਉਏ! ਨਾ ਇਹ ਕਹਿਰ ਕਰੋ! ਉਹਤੋਂ ਡਰੋ …!” ਬਜ਼ੁਰਗ ਫਿਰ ਕੁਰਲਾਇਆ। ਉਹ ਵੀ ਪੜ੍ਹਿਆ ਲਿਖਿਆ, ਤੁਰਿਆ ਫਿਰਿਆ ਇਨਸਾਨ ਸੀ। ਰੱਬ ਨੂੰ ਮੰਨਣ ਵਾਲ਼ਾ ਬੰਦਾ ਸੀ।
-”ਇਹਨੂੰ ਤੋਰੋ ਤੁਸੀਂ! ਨਹੀਂ ਮੈਥੋਂ ਕੁਛ ਵੱਜੂ ਇਹਦੇ ਅੱਜ …!” ਪਰਮ ਕੌਰ ਨੇ ਆਪਣੇ ਘਰਵਾਲ਼ੇ ਨੂੰ ਆਖਿਆ।
-”ਬਾਪੂ, ਤੈਥੋਂ ਜਾ ਕੇ ਪਈਦਾ ਨ੍ਹੀ..? ਆਪਣੀ ਛੋਤ ਲੁਹਾਉਣ ਦਾ ਚਾਅ ਐ ਕੋਈ ਤੈਨੂੰ …?”
-”ਉਏ ਮੈਂ ਤਾਂ ਤੁਰ ਜਾਨੈਂ! ਪਰ ਤੁਸੀਂ ਐਡਾ ਕਹਿਰ ਨਾ ਕਮਾਓ! ਸਾਰੇ ਪਛਤਾਵੋਂਗੇ …!” ਉਹ ਫ਼ਿੱਟ੍ਹ ਲਾਹਣਤ ਜਿਹੀ ਪਾ ਕੇ ਸੌਣ ਤੁਰ ਗਿਆ। ਗੱਲ ਸੁਣ ਕੇ ਬਜ਼ੁਰਗ ਨੂੰ ਅੱਚਵੀ ਹੀ ਤਾਂ ਲੱਗ ਗਈ ਸੀ।
-”ਤੁਸੀਂ ਗੱਲ ਕਰੋ! ਮੂੜ੍ਹ ਈ ਖ਼ਰਾਬ ਕਰਤਾ!” ਪਰਮ ਕੌਰ ਖਿਝ ਗਈ ਸੀ।
-”ਹਾਂ, ਤੁਸੀਂ ਈ ਦੱਸੋ ਮਾਲਕੋ!” ਹਰਮਨ ਸਿੰਘ ਨੇ ਪਰਮ ਕੌਰ ਨੂੰ ਕਿਹਾ।
-”ਕੱਲ੍ਹ ਨੂੰ ਮੁੰਡੇ ਨਾਲ ਅਪਾਇੰਟਮੈਂਟ ਬਣਾਓ! ਤੇ ਸਾਰੀ ਗੱਲ ਦਾ ਜਾਇਜਾ ਲਵੋ!” ਪਰਮ ਕੌਰ ਨੇ ਆਪ ਹੀ ਗੱਲ ਨਬੇੜ ਦਿੱਤੀ।
ਹਰਮਨ ਸਿੰਘ ਨੇ ਬੜੀ ਵੱਡੀ ਕੋਠੀ ਆਪਣੇ ਪਿੰਡ, ਖੇਤਾਂ ਵਿੱਚ ਹੀ ਬਣਾਈ ਹੋਈ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ। ਪ੍ਰਦੂਸ਼ਣ ਦੇ ਡਰੋਂ ਉਹ ਸ਼ਹਿਰ ਵਸਣੋਂ ਸੰਕੋਚ ਹੀ ਕਰ ਗਿਆ ਸੀ। ਗੱਲ ਅਗਲੇ ਦਿਨ ‘ਤੇ ਛੱਡ ਕੇ ਸਾਰੇ ਸੌਂ ਗਏ। ਸੀਤਲ ਸਾਰੀ ਰਾਤ ਕੈਨੇਡਾ ਵਾਲ਼ੇ ‘ਮੁੰਡੇ’ ਦੀ ਬੁੱਕਲ਼ ਵਿੱਚ ਵੜੀ ਗੁੜ ਭੋਰਦੀ ਰਹੀ ਸੀ। ਆਪਣੇ ਕੈਨੇਡੀਅਨ ਲਾੜੇ ਨਾਲ ਡਲਹੌਜ਼ੀ ਦੀਆਂ ਪਹਾੜੀਆਂ ਵਿੱਚ ‘ਹਨੀਮੂਨ’ ਮਨਾਉਂਦੀ ਰਹੀ ਸੀ। ਕਦੇ ਦਿੱਲੀ ਦੇ ਏਅਰਪੋਰਟ ‘ਤੇ ਫ਼ਲਾਈਟ ਦੀ ਉਡੀਕ ਕਰਦੀ ਸੀਤਲ ਆਪਣੇ ਆਪ ਨੂੰ ‘ਵੇਟਿੰਗ-ਰੂਮ’ ਵਿੱਚ ਬੈਠੀ ਦੇਖਦੀ।
ਸਵੇਰੇ ਜਦ ਮਾਂ ਨੇ ਉਸ ਨੂੰ ਉਠਾਇਆ ਤਾਂ ਉਹ ਕੈਨੇਡੀਅਨ ਲਾੜੇ ਦੀਆਂ ਮਾਲੂਕ ਬਾਂਹਾਂ ਦੀ ਜਗਾਹ ਮਾਂ ਨੂੰ ਦੇਖ ਕੇ ਮੁਸਕਰਾ ਪਈ।
ਅਗਲੇ ਦਿਨ ਸੀਤਲ ਦੇ ਬਾਪ ਹਰਮਨ ਸਿੰਘ ਨੇ ਕੈਨੇਡੀਅਨ ਲਾੜੇ ਨਾਲ ਅਪਾਇੰਟਮੈਂਟ ਬਣਾ ਲਈ। ਅਗਲੇ ਦਿਨ ਚੰਡੀਗੜ੍ਹ ਦੇ ਫ਼ਾਈਵ ਸਟਾਰ ਹੋਟਲ ਵਿੱਚ ਮਿਲਣ ਦਾ, ਸਵੇਰੇ ਦਸ ਵਜੇ ਦਾ ਸਮਾਂ ਮਿਲ ਗਿਆ। ਹਰਮਨ ਸਿੰਘ ਨੇ ਆਪਣੀ ਕਾਰ ਧੋ ਸੁਆਰ ਲਈ। ਚੰਡੀਗੜ੍ਹ ਜਾਣ ਦੀ ਤਿਆਰੀ ਜੰਗੀ ਪੱਧਰ ‘ਤੇ ਹੋ ਗਈ।
ਮਾਂ ਦੇ ਆਖਣ ‘ਤੇ ਅਗਲੇ ਦਿਨ ਸਾਝਰੇ ਹੀ ਸੀਤਲ ‘ਬਿਊਟੀ ਪਾਰਲਰ’ ਵੀ ਜਾ ਆਈ। ਉਹ ਤਾਂ ਵੈਸੇ ਹੀ ਬਹੁਤ ਸੁੰਦਰ ਸੀ। ਸੁਨੱਖੀ ਸੀ। ਬਿਊਟੀ ਪਾਰਲਰ ਜਾਣ ਦੀ ਤਾਂ ਉਸ ਨੂੰ ਵੈਸੇ ਵੀ ਕੋਈ ਜ਼ਰੂਰਤ ਨਹੀਂ ਸੀ। ਪਰ ਕੈਨੇਡੀਅਨ ਲਾੜੇ ਨੂੰ ਖ਼ੁਸ਼ ਕਰਨਾ ਸੀ। ਉਸ ਦੀ ਮਾਂ ਪਰਮ ਕੌਰ ਵੀ ਉਸ ਦੇ ਨਾਲ ਬਿਊਟੀ ਪਾਰਲਰ ਗਈ ਸੀ। ਜਿਵੇਂ ਮੰਡੀ ‘ਤੇ ਲਿਜਾਣ ਤੋਂ ਪਹਿਲਾਂ ਬੁੱਢੀ ਮੱਝ ਦੇ, ਕਾਲ਼ੇ ਤੇਲ ਨਾਲ ਸਿੰਗ ਚੋਪੜ ਕੇ, ਰੰਗੀਲੀਆਂ ਨੱਥਾਂ ਪਾਈਦੀਐਂ! ਸੀਤਲ ਦੇ ਬਹਾਨੇ ਪਰਮ ਕੌਰ ਨੇ ਵੀ ਆਪਣੇ ਮੁਖੜੇ ‘ਤੇ ਪਏ ਚਿੱਬ ਸਿੱਧੇ ਕਰਵਾ ਲਏ ਸਨ! ਦੇਖ ਕੇ ਹਰਮਨ ਦੰਗ ਰਹਿ ਗਿਆ।
-”ਪਰਮ, ਤੂੰ ਤਾਂ ਬਈ ਅੱਜ ਜਮਾਂ ਈ …! ਬਚ ਕੇ ਮੋੜ ਤੋਂ …!” ਉਸ ਨੇ ਘਰਵਾਲ਼ੀ ਨੂੰ ਛੇੜਿਆ, ਤਾਂ ਪਰਮ ਬੁੱਢੀ ਘੋੜ੍ਹੀ ਲਾਚੜ ਗਈ।
-”ਮੈਂ ਬੁੜ੍ਹੀ ਲੱਗਦੀ ਕਦੋਂ ਸੀ?” ਉਸ ਨੇ ਪਾਇਆ ਹੋਇਆ ਸੁਰਮਾਂ ਮਟਕਾਇਆ।
ਬਿੱਲੂ, ਸੀਤਲ, ਪਰਮ ਕੌਰ ਅਤੇ ਹਰਮਨ ਸਿੰਘ ਚੰਡੀਗੜ੍ਹ ਨੂੰ ਰਵਾਨਾ ਹੋ ਗਏ।
ਉਹਨਾਂ ਦੀ ਕਾਰ ਉਡੀ ਜਾ ਰਹੀ ਸੀ।
ਤਕਰੀਬਨ ਸਾਢੇ ਕੁ ਨੌਂ ਵਜੇ ਉਹ ਚੰਡੀਗੜ੍ਹ ਪਹੁੰਚ ਗਏ।
ਫ਼ਾਈਵ ਸਟਾਰ ਹੋਟਲ ਲੱਭਦਿਆਂ ਉਹਨਾਂ ਨੂੰ ਕੋਈ ਦੇਰ ਨਾ ਲੱਗੀ। ਹਰਮਨ ਲੱਗਭੱਗ ਸਾਰੇ ਚੰਡੀਗੜ੍ਹ ਤੋਂ ਹੀ ਵਾਕਿਫ਼ ਸੀ। ਉਹਨਾਂ ਨੇ ਹੋਟਲ ਦੀ ਪਾਰਕਿੰਗ ਵਿੱਚ ਕਾਰ ਖੜ੍ਹੀ ਕਰ ਦਿੱਤੀ। ਦਰਬਾਨ ਨੇ ਉਹਨਾਂ ਨੂੰ ਸਲੂਟ ਮਾਰਿਆ ਅਤੇ ਕਾਰ ਦਾ ਦਰਵਾਜਾ ਖੋਲ੍ਹਿਆ।
-”ਕੋਈ ਹੁਕਮ ਸਰ …?” ਦਰਬਾਨ ਨੇ ਬੜੀ ਨਿਮਰਤਾ ਨਾਲ ਲਿਫ਼ ਕੇ ਅਰਜ਼ ਕੀਤੀ।
-”ਅਸੀਂ ਮਿਸਟਰ ਬਲਰਾਜ ਬਰਾੜ ਨੂੰ ਮਿਲਣੈਂ!”
-”ਆ ਜਾਓ ਸਰ …!” ਦਰਬਾਨ ਉਹਨਾਂ ਨੂੰ ਅਗਵਾਈ ਦਿੰਦਾ ਹੋਇਆ ਅੱਗੇ ਲੱਗ ਤੁਰਿਆ। ਲਿਫ਼ਟ ਵਿੱਚ ਉਹਨਾਂ ਨੂੰ ਉਪਰ ਪਹੁੰਚਣ ਲਈ ਕੋਈ ਬਹੁਤਾ ਸਮਾਂ ਨਾ ਲੱਗਿਆ। ਤੀਜੀ ਮੰਜ਼ਿਲ ‘ਤੇ ਪਹੁੰਚ ਕੇ ਦਰਬਾਨ ਨੇ ਇੱਕ ‘ਸੁਈਟ’ ਦੀ ਡੋਰ-ਬੈੱਲ ਖੜਕਾਈ। ਜਦੋਂ ਕਿਸੇ ਨੇ ਦਰਵਾਜਾ ਖੋਲ੍ਹਿਆ ਤਾਂ ਹਰਮਨ ਸਿੰਘ ਨੇ ਦਰਬਾਨ ਦਾ ਧੰਨਵਾਦ ਕਰਦਿਆਂ ਉਸ ਵਿਅਕਤੀ ਨੂੰ ”ਮਿਸਟਰ ਬਲਰਾਜ ਬਰਾੜ” ਹੀ ਆਖਿਆ ਤਾਂ ਉਹ ਸਮਝ ਗਿਆ।
-”ਓਹ, ਯੈੱਸ …! ਮਿਸਟਰ ਬਲਰਾਜ ਬਰਾੜ? ਯੈੱਸ! ਆਓ-ਆਓ! ਪਲੀਜ਼ ਕਮ ਇੰਨ-ਪਲੀਜ਼ ਕਮ ਇੰਨ, ਸਰ!” ਉਹ ਸੋਹਣਾ ਸੁਨੱਖਾ ਵਿਅਕਤੀ ਦਰਬਾਨ ਨਾਲੋਂ ਵੀ ਜ਼ਿਆਦਾ ਲਿਫ਼-ਲਿਫ਼ ਪੈਂਦਾ ਸੀ।
ਜਦ ਉਹ ਅੱਗੇ ‘ਲਾਊਂਜ’ ਵਿੱਚ ਗਏ ਤਾਂ ਦਰਵਾਜਾ ਖੋਲ੍ਹਣ ਵਾਲੇ ਬੰਦੇ ਨੇ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ। ਇੱਕ ਅੱਧਖੜ੍ਹ ਆਦਮੀ ਬਾਲਕੋਨੀ ਵਿੱਚ ਬੈਠਾ ਕੌਫ਼ੀ ਪੀ ਰਿਹਾ ਸੀ। ਸਿਰ ‘ਤੇ ਨਾਈਕੀ-ਟੋਪੀ, ਕੋਟ ਪੈਂਟ ਪਾਇਆ ਹੋਇਆ, ਟਾਈ ਲਾਈ ਹੋਈ ਅਤੇ ਧੁੰਦਲੇ ਜਿਹੇ ਮੌਸਮ ਵਿੱਚ ਵੀ ਉਸ ਨੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਦੇਖਣ ਪਾਖਣ ਤੋਂ ਉਹ ਵਾਕਿਆ ਹੀ ਕੋਈ ਅਮੀਰ ਬੰਦਾ ਲੱਗਦਾ ਸੀ।
ਉਸ ਨੇ ਉਠ ਕੇ ਬਿੱਲੂ ਅਤੇ ਹਰਮਨ ਸਿੰਘ ਨਾਲ ਹੱਥ ਮਿਲਾਇਆ।
ਹਰਮਨ ਨੇ ਆਪਣੇ ਪ੍ਰੀਵਾਰ ਦੀ ਜਾਣ-ਪਹਿਚਾਣ ਕਰਵਾਈ।
-”ਆਈ ਐੱਮ ਬਲਰਾਜ ਬਰਾੜ! ਹਾਓ ਆਰ ਯੂ …?” ਉਸ ਨੇ ਪੁੱਛਿਆ। ਦੇਖਣ ਤੋਂ ਤਾਂ ਹੱਟਾ ਕੱਟਾ, ਪਰ ਬੋਲਣ ਤੋਂ ਉਹ ਦਮੇਂ ਦਾ ਮਰੀਜ਼ ਜਿਹਾ ਲੱਗਦਾ ਸੀ। ਜਦ ਉਸ ਨੇ ਆਪਣੀ ਟੋਪੀ ਲਾਹ ਕੇ ਸਿਰ ‘ਤੇ ਹੱਥ ਫੇਰਿਆ ਤਾਂ ਉਸ ਦਾ ਗੰਜ ਲਾਲਟੈਨ ਵਾਂਗ ਜਗਿਆ। ਗਿੱਚੀ ਪਿਛਲੇ ਵਾਲ਼ ਉਸ ਨੇ ਕਾਲ਼ੇ ਕੀਤੇ ਹੋਏ ਸਨ।