ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1491

ਜੇ ਕੋਈ ਸ਼ੈਅ ਟੁੱਟੀ ਨਹੀਂ, ਉਸ ਨੂੰ ਜੋੜੋ ਨਾ। ਲੋਕ ਅਕਸਰ ਇਹ ਕਹਿੰਦੇ ਹਨ, ਅਤੇ ਉਹ ਅਜਿਹਾ ਕਿਸੇ ਖ਼ਾਸ ਵਜ੍ਹਾ ਤੋਂ ਕਹਿੰਦੇ ਹਨ। ਮੁਸ਼ਕਿਲ ਇਹ ਹੈ, ਅਸੀਂ ਛੇੜਛਾੜ ਕਰਨੋਂ ਬਾਜ਼ ਨਹੀਂ ਆ ਸਕਦੇ। ਸਾਨੂੰ ਨੁਕਸ ਲੱਭਣ ‘ਚ ਆਨੰਦ ਆਉਂਦੈ। ਸਾਡੇ ‘ਚੋਂ ਕੁਝ ਤਾਂ ਓਦੋਂ ਤਕ ਖ਼ੁਸ਼ ਹੀ ਨਹੀਂ ਹੁੰਦੇ ਜਦੋਂ ਤਕ ਕੋਈ ਚੀਜ਼ ਉਨ੍ਹਾਂ ਨੂੰ ਦੁੱਖ ਨਾ ਦੇਵੇ! ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਤੁਸੀਂ ਇੱਕ ਅਜਿਹੇ ਮਸਲੇ ਬਾਰੇ ਚੇਤਨ ਹੋ ਜਿਸ ਨੂੰ ਹੱਲ ਕਰਨ ਦੀ ਲੋੜ ਹੈ। ਸ਼ਾਇਦ ਤੁਸੀਂ ਉਸ ਬਾਰੇ ਬਹੁਤ ਜ਼ਿਆਦਾ ਸ਼ਿੱਦਤ ਨਾਲ ਸੁਚੇਤ ਹੋ। ਮੁਮਕਿਨ ਹੈ, ਸਥਿਤੀ ਓਨੀ ਭੈੜੀ ਨਾ ਹੋਵੇ ਜਿੰਨਾ ਤੁਸੀਂ ਸੋਚਦੇ ਹੋ। ਉਸ ਬਾਰੇ ਵਿਆਪਕ ਬਿਆਨਬਾਜ਼ੀ ਕਰਨ ਅਤੇ ਕੱਟੜਪੰਥੀ ਯੋਜਨਾਵਾਂ ਬਣਾਉਣ ਤੋਂ ਪਹਿਲਾਂ, ਥੋੜ੍ਹਾ ਹੋਰ ਸਮਾਂ ਬੀਤਣ ਦਿਓ। ਸਭ ਕੁਝ ਸ਼ਾਇਦ ਉਸ ਹੱਦ ਤਕ ਟੁੱਟਾ ਹੀ ਨਾ ਹੋਵੇ ਜਿੰਨਾ ਤੁਹਾਨੂੰ ਖ਼ਦਸ਼ਾ ਹੈ।

ਇਹ ਕਿਵੇਂ ਪਤਾ ਚੱਲਦੈ ਕਿ ਕੋਈ ਤੁਹਾਨੂੰ ਪਰੀਆਂ ਦੀ ਇੱਕ ਕਹਾਣੀ ਸੁਣਾ ਰਿਹੈ? ਕਈ ਲੋਕ ਤਾਂ ਸੋਚਦੇ ਹਨ ਕਿ ਸ਼ੁਰੂਆਤੀ ਸਤਰ, ਇੱਕ ਵਾਰ ਦੀ ਗੱਲ ਹੈ, ਤੋਂ ਹੀ ਇਸ ਦਾ ਸੰਕੇਤ ਮਿਲ ਜਾਂਦਾ ਹੈ। ਪਰ ਅਜਿਹਾ ਜ਼ਰੂਰੀ ਨਹੀਂ। ਦਰਅਸਲ ਉਸ ਦਾ ਅੰਤਲਾ ਵਾਕ ‘ਉਸ ਤੋਂ ਬਾਅਦ ਉਹ ਸਾਰੇ ਸਦਾ ਲਈ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ’ ਪੜ੍ਹਨ ਤੋਂ ਬਾਅਦ ਹੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ। ਇਹ ਇਸ ਗੱਲ ਦਾ ਇੱਕ ਪੁਖ਼ਤਾ ਸਬੂਤ ਹੈ ਕਿ ਤੁਸੀਂ ਕਿਸੇ ਕਲਪਨਾ ਦਾ ਕੋਈ ਹਿੱਸਾ ਸੁਣ ਰਹੇ ਹੋ। ਕੋਈ ਵੀ, ਸੱਚਮੁੱਚ, ਸਦਾ ਲਈ ਖ਼ੁਸ਼ ਨਹੀਂ ਰਹਿ ਸਕਦਾ। ਜੀਵਨ ‘ਚ ਉਤਰਾਅ-ਚੜਾਅ ਲਾਜ਼ਮੀ ਤੌਰ ‘ਤੇ ਆਉਂਦੇ-ਜਾਂਦੇ ਹਨ। ਇਸ ਵਕਤ ਤੁਹਾਨੂੰ ਆਪਣੇ ਭਾਵਨਾਤਮਕ ਜੀਵਨ ‘ਚ ਇੱਕ ਅੰਤਮ ਹੱਲ ਦਾ ਪਿੱਛਾ ਕਰਨ ਦਾ ਲਾਲਚ ਸਤਾ ਰਿਹਾ ਹੈ। ਇੰਨੇ ਬੇਵਕੂਫ਼ ਨਾ ਬਣੋ। ਅਜਿਹੀ ਕਿਸੇ ਵੀ ਸ਼ੈਅ ਦੀ ਕੋਈ ਹੋਂਦ ਨਹੀਂ। ਇਸ ਵਕਤ ਤਰਕਸ਼ੀਲ ਬਣੇ ਰਹਿਣਾ ਮਹੱਤਵਪੂਰਣ ਹੋਵੇਗਾ।

”ਕੁਝ ਵੀ ਭੈੜਾ ਜਾਂ ਚੰਗਾ ਨਹੀਂ ਹੁੰਦਾ, ਪਰ ਸੋਚ ਉਸ ਨੂੰ ਅਜਿਹਾ ਬਣਾ ਦਿੰਦੀ ਹੈ, ”ਕਹਿਣਾ ਸੀ ਸ਼ੈਕਸਪੀਅਰ ਦਾ। ਤੁਸੀਂ ਹਾਲ ਹੀ ‘ਚ ਇੱਕ ਮੁਸ਼ਕਿਲ ਮਾਮਲੇ ਨਾਲ ਘੁੱਲਦੇ ਰਹੇ ਹੋ। ਹੁਣ ਤੁਹਾਨੂੰ ਬਿਲਕੁਲ ਵੀ ਇਹ ਨਹੀਂ ਪਤਾ ਕਿ ਤੁਸੀਂ ਉਸ ਬਾਰੇ ਕੀ ਸੋਚਦੇ ਹੋ। ਤੁਸੀਂ ਹਰ ਐਂਗਲ ਜਾਂ ਦ੍ਰਿਸ਼ਟੀਕੋਣ ਤੋਂ ਨਿਰਖ-ਪਰਖ ਚੁੱਕੇ ਹੋ ਅਤੇ, ਅਜਿਹਾ ਕਰਦੇ-ਕਰਦੇ, ਤੁਸੀਂ ਉਸ ਵਿਅਕਤੀ ਵਰਗੇ ਬਣ ਗਏ ਹੋ ਜਿਹੜਾ ਪਰਫ਼ਿਊਮ ਦੇ ਇੱਕ ਸਟੋਰ ‘ਚ ਜਾ ਕੇ ਕੋਈ ਵਧੀਆ ਖ਼ੁਸ਼ਬੋ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਦੋ ਜਾਂ ਤਿੰਨ ਸੈਂਟਾਂ ਦਰਮਿਆਨ ਤਾਂ ਤੁਸੀਂ ਆਰਾਮ ਨਾਲ ਫ਼ਰਕ ਕਰ ਲਵੋਗੇ ਪਰ ਹੋਰ ਜ਼ਿਆਦਾ ਸੁੰਘਣ ਦੀ ਕੋਸ਼ਿਸ਼ ਕਰੋ, ਅਤੇ ਤੁਹਾਡਾ ਨੱਕ ਹੀ ਜਵਾਬ ਦੇ ਜਾਵੇਗਾ ਅਤੇ ਵਖਰੇਵਾਂ ਕਰਨ ਦੀ ਉਸ ਦੀ ਕਾਬਲੀਅਤ ਗੁੱਲ ਹੋ ਜਾਵੇਗੀ। ਜੇਕਰ ਤੁਸੀਂ ਕਿਸੇ ਮੁਸ਼ਕਿਲ ਨੂੰ ਇੱਕ ਨਾਟਕ ‘ਚ ਤਬਦੀਲ ਨਹੀਂ ਕਰਨਾ ਚਾਹੁੰਦੇ, ਇੱਕ ਬ੍ਰੇਕ ਲਵੋ।

ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਕਰਨ ਦਾ ਸਾਡੇ ਅੰਦਰ ਇੱਕ ਕੁਦਰਤੀ ਰੁਝਾਨ ਅਤੇ ਹੁਨਰ ਹੁੰਦਾ ਹੈ। ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਹੜੀਆਂ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਕਰਨਾ ਸਾਨੂੰ ਸਿਖਾਇਆ ਜਾਂਦੈ। ਜਾਂ ਉਹ ਕਰਨ ਲਈ ਸਾਨੂੰ ਮਜਬੂਰ ਜਾਂ ਕਾਇਲ ਕੀਤਾ ਜਾਂਦਾ ਹੈ। ਅਕਸਰ, ਅਸੀਂ ਦੂਸਰਿਆਂ ਵਲੋਂ ਸਥਾਪਿਤ ਉਦਾਹਰਣਾਂ ਦੀ ਨਕਲ ਕਰਦੇ ਹਾਂ। ਅਸੀਂ ਉਨ੍ਹਾਂ ਦੇ ਰਵੱਈਏ ਅਤੇ ਐਕਸ਼ਨਾਂ ਨੂੰ ਪ੍ਰਤੀਬਿੰਬਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਵੇਲੇ, ਕੋਈ ਸ਼ੈਅ ਤੁਹਾਨੂੰ ਬਹੁਤ ਜ਼ਿਆਦਾ ਢੀਠ ਬਣਾ ਰਹੀ ਹੈ। ਜੇ ਤੁਸੀਂ ਸਹੀ ਕਾਰਨਾਂ ਦੀ ਵਜ੍ਹਾ ਤੋਂ ਡਟੇ ਰਹਿਣ ਲਈ ਬਜ਼ਿਦ ਹੋ ਤਾਂ ਤੁਹਾਨੂੰ ਸਹੀ ਨਤੀਜੇ ਵੀ ਜ਼ਰੂਰ ਮਿਲਣਗੇ। ਅਤੇ ਜੇਕਰ ਕਾਰਨ ਹੀ ਗ਼ਲਤ ਹਨ ਤਾਂ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ। ਇਸ ਵਕਤ ਆਪਣੇ ਭਾਵਨਾਤਮਕ ਜੀਵਨ ‘ਚ ਜੋ ਚਾਹੇ ਕਰੋ, ਪਰ ਆਪਣੇ ਆਗੂ ਦੇ ਪਿੱਛੇ ਲੱਗਣ ਵਾਲੀ ਖੇਡ ਹਰਗਿਜ਼ ਨਾ ਖੇਡਿਓ।

ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਕਿਸੇ ਸ਼ੈਅ ਨੇ ਤੁਹਾਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਠੀਕ ਤਰ੍ਹਾਂ ਇਹ ਦੱਸਣ ਤੋਂ ਅਸਮਰਥ ਹੋ ਕਿ ਉਹ ਆਖ਼ਿਰ ਹੈ ਕੀ ਚੀਜ਼। ਜਾਂ, ਸ਼ਾਇਦ ਤੁਸੀਂ ਦੱਸ ਤਾਂ ਸਕਦੇ ਹੋ, ਪਰ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਕੋਈ ਅਜਿਹੀ ਤੁੱਛ ਜਿਹੀ ਸ਼ੈਅ ਤੁਹਾਡੇ ‘ਤੇ ਇੰਨਾ ਵੱਡਾ ਪ੍ਰਭਾਵ ਕਿਵੇਂ ਪਾ ਸਕਦੀ ਹੈ। ਕੀ ਇਹ ਅਣਸੁਖਾਵੇਂ ਸਬੰਧ ਕਾਇਮ ਕਰ ਰਹੀ ਹੈ? ਕੀ ਇਹ ਪੂਰਵ-ਅਨੁਮਾਨ ਦੀ ਇੱਕ ਜਾਣੀ-ਪਹਿਚਾਣੀ ਭਾਵਨਾ ਨੂੰ ਜਗਾ ਰਹੀ ਹੈ? ਕੀ ਇਹ ਕੇਵਲ ਕਿਸੇ ਵੱਡੀ ਸਮੱਸਿਆ ਦੀ ਇੱਕ ਛੋਟੀ ਜਿਹੀ ਝਲਕ ਦਿਖਾ ਰਹੀ ਹੈ? ਤੁਹਾਨੂੰ ਪਤਾ ਲੱਗ ਜਾਊਗਾ। ਇਸ ਦੌਰਾਨ, ਆਪਣੇ ਸ਼ੰਕਿਆਂ ਨੂੰ ਕਬੂਲੋ, ਪਰ ਉਨ੍ਹਾਂ ਨੂੰ ਖ਼ੁਦ ਨੂੰ ਬਹੁਤ ਜ਼ਿਆਦਾ ਚਿੰਤਤ ਕਰਨ ਦੀ ਆਗਿਆ ਨਾ ਦਿਓ। ਹੋ ਸਕਦੈ ਕਿ ਜਿਸ ਚੀਜ਼ ਨੂੰ ਲੈ ਕੇ ਤੁਸੀਂ ਇੰਨੇ ਪਰੇਸ਼ਾਨ ਹੋ, ਉਸ ਬਾਰੇ ਹੋਰ ਸੋਚਣ ਦੀ ਬਿਲਕੁਲ ਵੀ ਕੋਈ ਲੋੜ ਨਾ ਹੋਵੇ।