ਦਿੱਲੀ ‘ਚ ਤੇਜ਼ ਹਨੇਰੀ ਦੇ ਨਾਲ ਪਿਆ ਭਾਰੀ ਮੀਂਹ, ਕਈ ਉਡਾਣਾਂ ਕੀਤੀਆਂ ਗਈਆਂ ਡਾਇਵਰਟ

ਨੈਸ਼ਨਲ ਡੈਸਕ : ਦਿੱਲੀ ‘ਚ ਮੰਗਲਵਾਰ ਸ਼ਾਮ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਤੂਫਾਨ ਆਇਆ ਤੇ ਬਾਰਿਸ਼ ਹੋਈ, ਜਿਸ ਕਾਰਨ ਉਡਾਣਾਂ ਦੇ ਰੂਟ ਬਦਲਣੇ ਪਏ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ, ”ਦਿੱਲੀ ‘ਚ ਖਰਾਬ ਮੌਸਮ ਕਾਰਨ ਸ਼ਾਮ 6:25 ਤੋਂ ਰਾਤ 8 ਵਜੇ ਦਰਮਿਆਨ ਦਿੱਲੀ ਜਾਣ ਵਾਲੀਆਂ 10 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ।” ਇਨ੍ਹਾਂ ‘ਚੋਂ 9 ਉਡਾਣਾਂ ਜੈਪੁਰ ਤੋਂ ਸਨ ਅਤੇ ਇਕ ਲਖਨਊ ਤੋਂ ਦਿੱਲੀ ਆ ਰਹੀ ਸੀ। ਮੀਂਹ ਤੋਂ ਬਚਣ ਲਈ ਲੋਕ ਇਧਰ-ਉਧਰ ਭੱਜਦੇ ਦੇਖੇ ਗਏ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਇਕ ਹੋਰ ਪੱਛਮੀ ਗੜਬੜੀ ਦੇ ਕਾਰਨ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ 5 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ਨੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.9 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਆਮ ਨਾਲੋਂ 5 ਡਿਗਰੀ ਘੱਟ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਮੱਧਮ ਤੋਂ ਗੰਭੀਰ ਤੂਫ਼ਾਨ ਆਇਆ। ਸ਼ਹਿਰ ਵਿੱਚ ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਈ ਪੈਦਲ ਯਾਤਰੀ ਇਧਰ-ਉਧਰ ਭੱਜਦੇ ਦੇਖੇ ਗਏ, ਜਦੋਂਕਿ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਸਮ ਵਿਭਾਗ ਨੇ ਬੁੱਧਵਾਰ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਬਾਰਿਸ਼ ਕਾਰਨ ਨੀਵੇਂ ਇਲਾਕਿਆਂ ‘ਚ ਆਵਾਜਾਈ ‘ਚ ਵਿਘਨ ਅਤੇ ਪਾਣੀ ਭਰਨ ਦੀ ਚਿਤਾਵਨੀ ਦਿੱਤੀ ਗਈ ਹੈ।