ਮਾਤਾ ਵੈਸ਼ਨੋ ਦੇਵੀ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, ਗਈਆਂ ਕਈ ਜਾਨਾਂ

ਜ਼ਿਲ੍ਹਾ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ‘ਚ 75 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜਿਨ੍ਹਾਂ ‘ਚੋਂ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ, ਜਦੋਂ ਕਿ 60 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੀ।
ਇਸ ਦੌਰਾਨ ਜਦੋਂ ਬੱਸ ਜੰਮੂ-ਕਸ਼ਮੀਰ ਦੇ ਝੱਜਰ ਕੋਟਲੀ ਨੇੜੇ ਪੁੱਜੀ ਤਾਂ ਬੱਸ ਖੱਡ ‘ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਵੱਲੋਂ ਬੱਸ ਦਾ ਸੰਤੁਲਨ ਖੋਹ ਜਾਣ ਕਾਰਨ ਬੱਸ ਖੱਡ ‘ਚ ਡਿੱਗ ਗਈ। ਚਸ਼ਮਦੀਦਾਂ ਦੇ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਤੱਕ ਉੱਡ ਗਏ।
ਮੌਕੇ ‘ਤੇ ਬੀ. ਐੱਸ. ਐੱਫ. ਜਵਾਨਾਂ ਅਤੇ ਪੁਲਸ ਅਧਿਕਾਰੀਆਂ ਵਲੋਂ ਰਾਹਤ ਕਾਰਜ ਚਲਾਇਆ ਗਿਆ ਹੈ, ਜੋ ਬੱਸ ‘ਚ ਯਾਤਰੀਆਂ ਨੂੰ ਬਾਹਰ ਕੱਢ ਰਹੇ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।