ਪੰਜਾਬ ‘ਚ ਮੀਂਹ ਤੇ ਬਿਜਲੀ ਚਮਕਣ ਸਣੇ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

ਲੁਧਿਆਣਾ : ਪੰਜਾਬ ‘ਚ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਦਬਾਅ ਕਾਰਨ ਪੰਜਾਬ ’ਚ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਚੰਡੀਗੜ੍ਹ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੁਕਤਸਰ, ਐੱਸ. ਏ. ਐੱਸ. ਨਗਰ, ਤਰਨਤਾਰਨ, ਅੰਬਾਲਾ, ਜੀਂਦ, ਕੁਰੂਕਸ਼ੇਤਰ, ਪੰਚਕੂਲਾ, ਪਾਨੀਪਤ, ਸੋਨੀਪਤ, ਯਮੁਨਾਨਗਰ ਆਦਿ ਇਲਾਕਿਆਂ ਨੂੰ ਸੁਚੇਤ ਕੀਤਾ ਗਿਆ ਹੈ।
ਪੰਜਾਬ ਦੇ ਕਈ ਇਲਾਕਿਆਂ ’ਚ ਸੋਮਵਾਰ ਨੂੰ ਮੀਂਹ ਪੈਣ ਨਾਲ ਤਾਪਮਾਨ ‘ਚ ਕਮੀ ਆਈ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਮੁਤਾਬਕ ਬੀਤੇ ਦਿਨ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦੀ ਕਮੀ ਦੇਖਣ ਨੂੰ ਮਿਲੀ ਹੈ, ਜਦਕਿ ਇਹ ਔਸਤਨ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਬੀਤੇ ਦਿਨ ਜ਼ਿਲ੍ਹਾ ਪਟਿਆਲਾ ਦਾ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਅਗਲੇ 4 ਦਿਨਾਂ ਦੌਰਾਨ ਤਾਪਮਾਨ ’ਚ ਵਾਧਾ ਹੋਣ ਦੇ ਕੋਈ ਸੰਕੇਤ ਨਹੀਂ ਹਨ ਪਰ ਇਸ ਤੋਂ ਬਾਅਦ ਤਾਪਮਾਨ ’ਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। 1 ਜੂਨ ਤੱਕ ਸੂਬੇ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। 2 ਜੂਨ ਨੂੰ ਮਾਝਾ ਅਤੇ ਦੁਆਬਾ ਇਲਾਕੇ ’ਚ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ, ਜਦੋਂ ਕਿ ਪੱਛਮੀ ਤੇ ਪੂਰਬੀ ਮਾਲਵਾ ਇਲਾਕੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।