ਆਸਾਮ ਨੂੰ ਮਿਲੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ, PM ਮੋਦੀ ਨੇ ਵਿਖਾਈ ਹਰੀ ਝੰਡੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਆਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਟਰੇਨ ਆਸਾਮ ਦੇ ਗੁਹਾਟੀ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਵਿਚਾਲੇ ਦੌੜੇਗੀ। ਵੀਡੀਓ ਕਾਨਫਰੰਸ ਜ਼ਰੀਏ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਸਾਮ ਸਮੇਤ ਪੂਰੇ ਉੱਤਰ-ਪੂਰਬ ਲਈ ਬਹੁਤ ਮਹੱਤਵਪੂਰਨ ਦਿਨ ਹੈ।
ਉੱਤਰ-ਪੂਰਬ ਦੀ ਕੁਨੈਕਟੀਵਿਟੀ ਨਾਲ ਜੁੜੇ ਤਿੰਨ ਕੰਮ ਹੋ ਰਹੇ ਹਨ। ਉੱਤਰ-ਪੂਰਬ ਨੂੰ ਪਹਿਲੀ ਮੇਡ ਇਨ ਇੰਡੀਆ ਵੰਦੇ ਭਾਰਤ ਮਿਲ ਰਹੀ ਹੈ। ਦੂਜਾ ਇਹ ਪੱਛਮੀ ਬੰਗਾਲ ਨੂੰ ਜੋੜਨ ਵਾਲੀ ਤੀਜੀ ਵੰਦੇ ਭਾਰਤ ਹੈ ਅਤੇ ਆਸਾਮ ਤੇ ਮੇਘਾਲਿਆ ਦੇ ਲਗਭਗ 425 ਕਿਲੋਮੀਟਰ ਟਰੈਕ ‘ਤੇ ਬਿਜਲੀਕਰਨ ਦਾ ਕੰਮ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਸਫ਼ਰ ਵੀ ਆਸਾਨ ਹੋਵੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬੀਤੇ 9 ਸਾਲਾਂ ਵਿਚ ਭਾਰਤ ਲਈ ਅਦਭੁੱਤ ਉਪਲੱਬਧੀਆਂ ਰਹੇ ਹਨ। ਨਵੇਂ ਭਾਰਤ ਦੇ ਨਿਰਮਾਣ ਦੇ ਰਹੇ ਹਨ। ਕੱਲ ਹੀ ਦੇਸ਼ ਨੂੰ ਆਜ਼ਾਦ ਭਾਰਤ ਦੀ ਦਿਵਿਯ ਆਧੁਨਿਕ ਸੰਸਦ ਮਿਲੀ ਹੈ। ਇਹ ਭਾਰਤ ਦੇ ਹਜ਼ਾਰਾਂ ਸਾਲ ਪੁਰਾਣੇ ਲੋਕਤੰਤਰੀ ਇਤਿਹਾਸ ਨੂੰ ਸਾਡੇ ਖ਼ੁਸ਼ਹਾਲ ਲੋਕਤੰਤਰੀ ਭਵਿੱਖ ਨੂੰ ਜੋੜਨ ਵਾਲੀ ਸੰਸਦ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿਚ ਹੋ ਰਹੇ ਬੁਨਿਆਦੀ ਢਾਂਚਾ ਦੇ ਕੰਮ ਦੀ ਪੂਰੀ ਦੁਨੀਆ ‘ਚ ਬਹੁਤ ਚਰਚਾ ਹੋ ਰਹੀ ਹੈ, ਕਿਉਂਕਿ ਇਹ ਬੁਨਿਆਦੀ ਢਾਂਚਾ ਤਾਂ ਜੀਵਨ ਨੂੰ ਆਸਾਨ ਬਣਾਉਂਦਾ ਹੈ। ਇਹ ਬੁਨਿਆਦੀ ਢਾਂਚਾ ਤਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇਹ ਬੁਨਿਆਦੀ ਢਾਂਚਾ ਗਰੀਬ, ਦਲਿਤ, ਪਿਛੜੇ ਅਤੇ ਅਜਿਹੇ ਹਰ ਵਾਂਝੇ ਲੋਕਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬੁਨਿਆਦੀ ਢਾਂਚਾ ਨਿਰਮਾਣ ਦੇ ਇਸ ਕੰਮ ਨਾਲ ਸਭ ਤੋਂ ਵੱਧ ਫਾਇਦਾ ਜੇਕਰ ਕਿਸੇ ਨੂੰ ਹੋਇਆ ਹੈ ਤਾਂ ਉਹ ਪੂਰਬੀ ਅਤੇ ਉੱਤਰੀ-ਪੂਰਬੀ ਭਾਰਤ ਹੈ।