ਦਿੱਲੀ ਦੇ ਜੰਤਰ-ਮੰਤਰ ‘ਤੇ ਹੰਗਾਮਾ; ਸੰਸਦ ਭਵਨ ਵੱਲ ਜਾ ਰਹੇ ਪਹਿਲਵਾਨਾਂ ਤੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ‘ਚ ਲਿਆ

ਨਵੀਂ ਦਿੱਲੀ- ਦਿੱਲੀ ਦੇ ਜੰਤਰ-ਮੰਤਰ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਦਿੱਲੀ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਇਹ ਪਹਿਲਵਾਨ ਨਵੀਂ ਸੰਸਦ ਭਵਨ ਦੇ ਸਾਹਮਣੇ ਮਹਾਪੰਚਾਇਤ ਕਰਵਾਉਣ ਜਾ ਰਹੇ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਹਾਲਾਂਕਿ ਇਸ ਦੌਰਾਨ ਪਹਿਲਵਾਨਾਂ ਨੇ ਪੁਲਸ ਦਾ ਬੈਰੀਕੇਡ ਤੋੜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪਹਿਲਵਾਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਮਾਰਚ ਕੱਢਾਂਗੇ ਅਤੇ ਇਹ ਸਾਡਾ ਹੱਕ ਹੈ।
ਜਦੋਂ ਪੁਲਸ ਨੇ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੂੰ ਹਿਰਾਸਤ ‘ਚ ਲਿਆ ਤਾਂ ਉਹ ਸੜਕ ‘ਤੇ ਹੀ ਧਰਨੇ ‘ਤੇ ਬੈਠ ਗਏ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਸੀ ਕਿ ਮਹਿਲਾ ਮਹਾਪੰਚਾਇਤ ‘ਚ ਸ਼ਾਮਲ ਹੋਣ ਲਈ ਆ ਰਹੇ ਸਾਰੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।
ਮਹਾਪੰਚਾਇਤ ਜ਼ਰੂਰ ਹੋਵੇਗੀ: ਬਜਰੰਗ ਪੁਨੀਆ
ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅੱਜ ਮਹਾਪੰਚਾਇਤ ਜ਼ਰੂਰ ਹੋਵੇਗੀ। ਅਸੀਂ ਕੱਲ੍ਹ ਹੀ ਇਸ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ ਸੀ। ਪੁਲਸ ਸਾਡੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਪੂਨੀਆ ਨੇ ਦੋਸ਼ ਲਾਇਆ ਕਿ ਪੁਲਸ ਅਧਿਕਾਰੀ ਮਾੜਾ ਵਤੀਰਾ ਕਰ ਰਹੇ ਹਨ। ਅਸੀਂ ਆਪਣੇ ਸਵੈ-ਮਾਣ ਲਈ ਲੜ ਰਹੇ ਹਾਂ। ਮੋਦੀ ਸਰਕਾਰ ‘ਤੇ ਤੰਜ਼ ਕੱਸਦੇ ਹੋਏ ਪੂਨੀਆ ਨੇ ਕਿਹਾ ਕਿ ਉਹ ਅੱਜ ਨਵੀਂ ਸੰਸਦ ਭਵਨ ਦਾ ਉਦਘਾਟਨ ਕਰ ਰਹੇ ਹਨ ਪਰ ਦੇਸ਼ ਵਿਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਪੁਲਸ ਵੱਲੋਂ ਹਿਰਾਸਤ ਵਿਚ ਲਏ ਗਏ ਸਾਡੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ।
ਰਾਕੇਸ਼ ਟਿਕੈਤ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ
ਯੂ.ਪੀ ਗੇਟ ‘ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੂੰ ਦਿੱਲੀ ਦੀ ਸਰਹੱਦ ‘ਚ ਦਾਖ਼ਲ ਹੁੰਦੇ ਸਮੇਂ ਰੋਕ ਲਿਆ ਗਿਆ ਹੈ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਦਿੱਲੀ ਪੁਲਸ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਦਿੱਲੀ ਦੀ ਸਰਹੱਦ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਯੂ.ਪੀ ਗੇਟ ਫਲਾਈਓਵਰ ਦੇ ਹੇਠਾਂ ਪੰਚਾਇਤ ਕਰਾਉਣ ਲਈ ਕਿਹਾ ਹੈ।
ਦਿੱਲੀ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਪਹਿਲਵਾਨਾਂ ਦੇ ਨਵੇਂ ਸੰਸਦੀ ਮਾਰਚ ਦੇ ਐਲਾਨ ਦੇ ਮੱਦੇਨਜ਼ਰ ਦਿੱਲੀ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਪੂਰਬੀ ਦਿੱਲੀ ਦੀ ਡੀ. ਸੀ. ਪੀ ਅੰਮ੍ਰਿਤਾ ਨੇ ਕਿਹਾ ਕਿ ਦਿੱਲੀ ਪੁਲਸ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਡੇ ਕੋਲ ਵਾਧੂ ਸੁਰੱਖਿਆ ਫੋਰਸ ਹੈ ਅਤੇ ਸਾਰਿਆਂ ਨੂੰ ਥਾਂ-ਥਾਂ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਟਿੱਕਰੀ ਸਰਹੱਦ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ, ਕਿਉਂਕਿ ਖਾਪ ਪੰਚਾਇਤ ਦੇ ਆਗੂਆਂ ਅਤੇ ਕਿਸਾਨਾਂ ਨੇ ਨਵੇਂ ਸੰਸਦ ਭਵਨ ਵੱਲ ਰੋਸ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਮਾਰਚ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।