ਪੁਲਸ ਵੱਲੋਂ 2 ਅੱਤਵਾਦੀ ਗ੍ਰਿਫ਼ਤਾਰ, ਵੱਡੀ ਮਾਤਰਾ ‘ਚ ਹਥਿਆਰ ਤੇ ਵਿਸਫ਼ੋਟਕ ਬਰਾਮਦ

ਝਾਰਖੰਡ : ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ ਰਾਨੀਆ ਨੇੜੇ ਪਾਬੰਦੀਸ਼ੁਦਾ ਚਰਮਪੰਥੀ ਸੰਗਠਨ ਪੀਪੁਲਸ ਲਿਬਰੇਸ਼ਨ ਫਰੰਟ ਆਫ਼ ਇੰਡੀਆ ਨਾਲ ਜੁੜੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ, ਕਾਰਤੂਸ ਤੇ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।
ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰੀਆਂ ਇਕ ਦਿਨ ਪਹਿਲਾਂ ਕੀਤੀਆਂ ਗਈਆਂ ਸਨ ਜਦ ਉਹ ਅੱਧੇ-ਅਧੂਰੇ ਤਿਆਰ ਹਥਿਆਰਾਂ ਤੇ ਹਥਿਆਰ ਬਣਾਉਣ ਦੀ ਸਮੱਗਰੀ ਤੋਂ ਇਲਾਵਾ ਸ਼ਸਤਰ, ਕਾਰਤੂਸਾਂ ਤੇ ਵਿਸਫ਼ੋਟਕ ਸਮੱਗਰੀ ਨੂੰ ਇਕ ਜੰਗਲੀ ਇਲਾਕੇ ਤੋਂ ਲਿਜਾਣ ਦੀ ਯੋਜਨਾ ਬਣਾ ਰਹੇ ਸਨ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੀਰਵਾਰ ਨੂੰ ਖੂੰਟੀ ਜ਼ਿਲ੍ਹੇ ਵਿਚ ਇਕ ਸਮਾਗਮ ਵਿਚ ਸ਼ਾਮਲ ਹੋਏ ਸਨ। ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਪੁਲਸ ਸੁਪਰੀਡੰਟ ਅਮਨ ਕੁਮਾਰ ਨੇ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਵਧੀਕ ਪੁਲਸ ਸੁਪਰੀਡੰਟ ਰਮੇਸ਼ ਕੁਮਾਰ ਦੀ ਅਗਵਾਈ ਵਿਚ ਬੁੱਧਵਾਰ ਨੂੰ ਇਕ ਟੀਮ ਦਾ ਗਠਨ ਕੀਤਾ। ਜਾਣਕਾਰੀ ਮਿਲੀ ਸੀ ਕਿ ਪੀ.ਐੱਲ.ਐੱਫ.ਆਈ. ਦੇ 2 ਅੱਤਵਾਦੀ ਲਲਿਤ ਖੇਰਵਾਰ (45) ਤੇ ਸ਼ਿਵਨਾਰਾਇਣ ਸਿੰਘ ਉਰਫ਼ ਮਾਸਟਰ (48) ਜੰਗਲ ਵਿਚ ਲੁਕੋ ਕੇ ਰੱਖੇ ਗਏ ਹਥਿਆਰ, ਕਾਰਤੂਸ ਤੇ ਵਿਸਫੋਟਕ ਲਿਜਾਣ ਵਾਲੇ ਹਨ। ਇਸ ਤੋਂ ਬਾਅਦ ਪੁਲਸ ਨੇ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।