ਕਿਹਾ : ਤਰੀਕਾਂ ਨਾ ਮਿੱਥੋ, ਜੇ ਤੁਹਾਡੇ ਕੋਲ ਸਬੂਤ ਹਨ ਤਾਂ ਮੇਰੇ ਖਿਲਾਫ਼ ਕਾਰਵਾਈ ਕਰੋ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਭਿ੍ਰਸ਼ਟਾਚਾਰ ਦੇ ਆਰੋਪ ਲਗਾਏ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਚੰਨੀ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਨ੍ਹਾਂ ਖਿਲਾਫ਼ ਭਿ੍ਰਸ਼ਟਾਚਾਰ ਦੇ ਸਬੂਤ ਹਨ ਤਾਂ ਉਹ ਟਵੀਟ ਕਰਕੇ ਤਰੀਕਾਂ ਨਾ ਮਿੱਥਣ, ਬਲਕਿ ਮੇਰੇ ਖਿਲਾਫ਼ ਬਣਦੀ ਕਾਰਵਾਈ ਕਰਕੇ ਮੈਨੂੰ ਜੇਲ੍ਹ ਭੇਜਣ। ਇਸ ਮੌਕੇ ਚੰਨੀ ਨੇ ਕਿਹਾ ਕਿ ਉਹ ਖ਼ੁਦ ਮਿਹਨਤ ਕਰਕੇ ਇਸ ਮੁਕਾਮ ’ਤੇ ਪਹੁੰਚੇ ਹਨ ਅਤੇ ਉਨ੍ਹਾਂ ਵਲੋਂ ਕਦੇ ਵੀ ਕਿਸੇ ਖਿਡਾਰੀ ਨੂੰ ਨਹੀਂ ਕਿਹਾ ਗਿਆ ਕਿ ਉਹ ਨੌਕਰੀ ਲਈ ਮੇਰੇ ਭਤੀਜੇ ਜਾਂ ਭਾਣਜੇ ਨੂੰ ਮਿਲਣ। ਉਹ ਖ਼ੁਦ ਵੀ ਇਸ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕਰ ਚੁੱਕੇ ਹਨ। ਜਵਾਬ ਵਿਚ ਮੇਰੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਚੰਨੀ ਨੇ ਇਕ ਵਾਰ ਫਿਰ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੇਰੇ ਖਿਲਾਫ਼ ਸਬੂਤ ਹਨ ਤਾਂ ਉਹ ਮੇਰੇ ਖਿਲਾਫ਼ ਕਾਰਵਾਈ ਕਰਨ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ’ਤੇ ਲੱਗੇ ਭਿ੍ਰਸ਼ਟਾਚਾਰ ਦੇ ਆਰੋਪਾਂ ਨੂੰ ਇਕ ਵਾਰ ਫਿਰ ਸਿਰੇ ਤੋਂ ਨਕਾਰ ਦਿੱਤਾ।