IIFA 2023 ‘ਚ ਕਮਲ ਹਾਸਨ ਨੂੰ ਮਿਲੇਗਾ ਆਊਂਟਸਟੈਂਡਿੰਗ ਅਚੀਵਮੈਂਟ ਐਵਾਰਡ

ਉੱਘੇ ਅਦਾਕਾਰ ਕਮਲ ਹਾਸਨ ਨੂੰ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕਾਦਮੀ (IIFA) ‘ਚ ਆਊਂਟਸਟੈਂਡਿੰਗ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਸਮਾਗਮ ਆਬੂਧਾਬੀ ‘ਚ 26 ਅਤੇ 27 ਮਈ ਨੂੰ ਹੋਵੇਗਾ ਜਿਸ ‘ਚ ਕਮਲ ਹਾਸਨ ਤੋਂ ਇਲਾਵਾ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਅਦਾਕਾਰ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੈਨੇਲੀਆ ਡਿਸੂਜ਼ਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਦੂਜੇ ਪਾਸੇ ਕਮਲ ਹਾਸਨ ਨੇ ਕਿਹਾ ਕਿ ਉਹ ਇਸ ਐਵਾਰਡ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਉਸ ਨੇ ਕਿਹਾ, ‘ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਕਈ ਆਈਫ਼ਾ ਸਮਾਗਮਾਂ ਦਾ ਹਿੱਸਾ ਰਿਹਾ ਹਾਂ ਅਤੇ ਉਹ ਵਿਸ਼ਵ ਪੱਧਰ ‘ਤੇ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ‘ ਜ਼ਿਕਰਯੋਗ ਹੈ ਕਿ ਕਮਲ ਹਾਸਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1960 ‘ਚ ਕੀਤੀ ਸੀ। ਉਨ੍ਹਾਂ ਛੇ ਸਾਲ ਦੀ ਉਮਰ ‘ਚ ਤਾਮਿਲ ਫ਼ਿਲਮ ‘ਚ ਬਾਲ ਕਲਾਕਾਰ ਵਜੋਂ ਕੰਮ ਕੀਤਾ ਸੀ। 68 ਸਾਲਾ ਕਮਲ ਹਾਸਨ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ 1983 ‘ਚ ਫ਼ਿਲਮ ‘ਸਦਮਾ’ ਰਾਹੀਂ ਬੌਲੀਵੁਡ ‘ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਕਮਲ ਹਾਸਨ ਬਿਹਤਰੀਨ ਅਦਾਕਾਰ ਹੋਣ ਦੇ ਨਾਲ ਹੀ ਇੱਕ ਫ਼ਿਲਮ ਨਿਰਦੇਸ਼ਕ, ਸਕਰੀਨਪਲੇਅ ਰਾਈਟਰ, ਪਲੇਅਬੈਕ ਸਿੰਗਰ ਅਤੇ TV ਮੇਜ਼ਬਾਨ ਵੀ ਹਨ।