ਇਸ ਜੋੜੀ ਨੇ ਪੰਜਾਬੀ ਸਿਨਮਾ ‘ਚ ਰੌਣਕਾਂ ਲਾ ਦਿੱਤੀਆਂ ਹਨ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿਨਮਾ ਘਰਾਂ ‘ਚ ਸਫ਼ਲਤਾ ਨਾਲ ਚੱਲ ਰਹੀ ਪੰਜਾਬੀ ਫ਼ਿਲਮ ਜੋੜੀ ਅੱਸੀ ਦੇ ਦਹਾਕੇ ਦੀ ਪੰਜਾਬੀ ਸੰਗੀਤ ਜਗਤ ਦੀ ਦੁਨੀਆਂ ਨੂੰ ਫ਼ਿਲਮੀ ਪਰਦੇ ‘ਤੇ ਪੇਸ਼ ਕਰਦੀ ਹੈ। ਇਹ ਅਜਿਹੀ ਫ਼ਿਲਮ ਹੈ ਜਿਸ ਨੂੰ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਜ਼ਿੰਦਗੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਫ਼ਿਲਮ ਨਿਰਦੇਸ਼ਕ, ਅਦਾਕਾਰ ਅਤੇ ਲੇਖਕ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ। ਅੰਬਰਦੀਪ ਸਿੰਘ ਦੀ ਹੀ ਨਿਰਦੇਸ਼ਨਾ ‘ਚ ਬਣੀ ਇਹ ਫ਼ਿਲਮ ਵੀ ਉਨ੍ਹਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਪੰਜਾਬੀਅਤ ਦੀ ਬਾਤ ਪਾਉਂਦੀ ਹੈ। ਇਹ ਫ਼ਿਲਮ ਇੱਕ ਗਾਇਕ ਜੋੜੀ ਦੀ ਜੀਵਨੀ ਨਹੀ ਸਗੋਂ ਇਸ ਫ਼ਿਲਮ ‘ਚ ਅੰਬਰਦੀਪ ਨੇ ਆਪਣੀ ਲਿਖਣ ਕਲਾ ਨਾਲ ਪੰਜਾਬੀ ਰਹਿਣ ਸਹਿਣ, ਪੰਜਾਬੀ ਸੋਚ, ਪੰਜਾਬੀਆਂ ਦੇ ਹਾਸੇ ਠੱਠੇ, ਪੰਜਾਬੀਆਂ ਦੇ ਦਿਲ ਦੇ ਵਲਵਲੇ ਉਨ੍ਹਾਂ ਦੀ ਮੁਹੱਬਤ, ਕੋਮਲਤਾ, ਈਰਖਾ, ਬਹਾਦਰੀ, ਸਿਰੜ ਅਤੇ ਕਿਰਤ ਦੀ ਬਾਤ ਪਾਈ ਹੈ। ਅੰਬਰਦੀਪ ਨੇ ਅਜਿਹੇ ਦ੍ਰਿਸ਼ ਸਿਰਜੇ ਹਨ ਜੋ ਇੰਝ ਲੱਗਦੇ ਹਨ ਕਿ ਜੋ ਅਸੀਂ ਦੇਖ ਰਹੇ ਹਾਂ ਉਹ ਤਾਂ ਹੈ ਹੀ, ਪਰ ਉਨ੍ਹਾਂ ਦ੍ਰਿਸ਼ਾਂ ਦੇ ਪਿੱਛੇ ਵੀ ਇੱਕ ਸੰਸਾਰ ਖੜ੍ਹਾ ਹੈ ਜੋ ਅਦ੍ਰਿਸ਼ ਹੈ ਜਿਸ ਨੂੰ ਸਮਝਣ ਲਈ ਸੂਖਮਤਾ ਦੀ ਲੋੜ ਹੈ।
ਅੱਸੀ ਦੇ ਦਹਾਕੇ ਦੀ ਅਖਾੜਾ ਗਾਇਕੀ ਨੂੰ ਪੇਸ਼ ਕਰਦੀ ਉਸ ਜ਼ਮਾਨੇ ਦੀ ਗਾਇਕੀ, ਉਨ੍ਹਾਂ ਦੀ ਮਿਹਨਤ, ਅਖਾੜਾ ਗਾਇਕੀ ਦੇ ਪਿੜ ‘ਚ ਖ਼ੁਦ ਨੂੰ ਸਥਾਪਿਤ ਕਰਨ ਦੀ ਜੱਦੋਜਹਿਦ, ਅਖਾੜਿਆਂ ਲਈ ਉਨ੍ਹਾਂ ਦੀ ਇੱਕ ਦੂਜੇ ਨਾਲ ਮੁਕਾਬਲੇ ਦੀ ਭਾਵਨਾ ਅਤੇ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਨੂੰ ਬਿਹਤਰੀਨ ਢੰਗ ਨਾਲ ਵਿਖਾਉਂਦੀ ਇਹ ਇੱਕ ਉੱਤਮ ਫ਼ਿਲਮ ਹੈ। ਥਿੰਦ ਮੋਸ਼ਨ ਪਿਕਚਰਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਦੀ ਇਸ ਫ਼ਿਲਮ ਦੇ ਨਿਰਮਾਤਾ ਹਨ ਕਾਰਜ ਗਿੱਲ ਅਤੇ ਦਲਜੀਤ ਥਿੰਦ। ਕਹਾਣੀ ਅਤੇ ਪਟਕਥਾ ਅੰਬਰਦੀਪ ਸਿੰਘ ਨੇ ਲਿਖੀ ਹੈ। ਇਸ ਦੇ ਮੁੱਖ ਕਿਰਦਾਰਾਂ ‘ਚ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਹਨ। ਫ਼ਿਲਮ ਦੇ ਗੀਤ ਰਾਜ ਰਣਜੋਧ, ਹੈਪੀ ਰਾਏਕੋਟੀ, ਵੀਤ ਬਲਜੀਤ, ਹਰਸਿਮਰਜੀਤ ਸਿੰਘ ਅਤੇ ਬਾਬੂ ਸਿੰਘ ਮਾਨ ਨੇ ਲਿਖੇ ਹਨ ਜਿਨ੍ਹਾਂ ਨੂੰ ਆਵਾਜ਼ਾਂ ਦਿੱਤੀਆਂ ਹਨ ਦਿਲਜੀਤ ਦੁਸਾਂਝ, ਨਿਮਰਤ ਖਹਿਰਾ, ਰਾਜ ਰਣਜੋਧ ਅਤੇ ਸਿਮਰਨ ਕੌਰ ਧਾਂਡਲੀ ਨੇ।
ਫ਼ਿਲਮ ਦੀ ਕਹਾਣੀ ਇੱਕ ਅਜਿਹੇ ਗਾਇਕ ਅਮਰ ਸਿਤਾਰਾ (ਅਦਾਕਾਰ ਦਿਲਜੀਤ ਦੁਸਾਂਝ) ਦੇ ਦੁਆਲੇ ਘੁੰਮਦੀ ਦਿਖਾਈ ਗਈ ਹੈ ਜੋ ਇੱਕ ਗ਼ਰੀਬ ਘਰ ਤੋਂ ਉੱਠ ਕੇ ਆਪਣੀ ਗੀਤਕਾਰੀ ਅਤੇ ਗਾਇਕੀ ਦੇ ਦਮ ‘ਤੇ ਸਫ਼ਲਤਾ ਦੇ ਅੰਬਰੀ ਉਡਾਰੀਆਂ ਮਾਰਦਾ ਹੈ। ਉਹ ਪੰਜਾਬ ‘ਚ ਪ੍ਰਚਲਿਤ ਅਖਾੜਾ ਗਾਇਕੀ ਦਾ ਚੋਟੀ ਦਾ ਕਲਾਕਾਰ ਬਣਦਾ ਹੈ। ਇਸ ‘ਚ ਉਸ ਦਾ ਸਾਥ ਦਿੰਦੀ ਹੈ ਗਾਇਕਾ ਕਮਲਜੋਤ (ਅਦਾਕਾਰਾ ਨਿਮਰਤ ਖਹਿਰਾ) ਜਿਸ ਨਾਲ ਮਿਲ ਕੇ ਅਮਰ ਸਿਤਾਰਾ ਸਫ਼ਲ ਦੋਗਾਣਾ ਜੋੜੀ ਬਣਾਉਂਦਾ ਹੈ, ਪਰ ਉਸ ਦੀ ਇਹ ਸਫ਼ਲਤਾ ਉਸ ਦੇ ਸਮਕਾਲੀ ਕਲਾਕਾਰਾਂ ਨੂੰ ਰਾਸ ਨਹੀਂ ਆਉਂਦੀ। ਉਹ ਵਿਹਲੇ ਬੈਠਣ ਲਈ ਮਜਬੂਰ ਹੋ ਜਾਂਦੇ ਹਨ ਕਿਉਂਕਿ ਹਰ ਵਿਆਹ ਸ਼ਾਦੀ ‘ਤੇ ਸਭ ਲੋਕਾਂ ਦੀ ਇਹੋ ਖਾਹਿਸ਼ ਹੈ ਕਿ ਉਹ ਸਿਤਾਰਾ-ਕਮਲਜੋਤ ਦਾ ਹੀ ਅਖਾੜਾ ਲਗਵਾਉਣ। ਫ਼ਿਰ ਸਿਤਾਰੇ ਦੇ ਵਿਰੋਧੀ ਕਲਾਕਾਰ ਉਸ ਨੂੰ ਹੇਠਾਂ ਸੁੱਟਣ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ। ਇਸ ਦੇ ਬਾਵਜੂਦ ਸਿਤਾਰਾ ਤੇ ਕਮਲਜੋਤ ਦੀ ਲੋਕਪ੍ਰਿਅਤਾ ‘ਚ ਕੋਈ ਕਮੀ ਨਹੀਂ ਆਉਂਦੀ।
ਫ਼ਿਲਮ ‘ਚ ਜੇਕਰ ਅਦਾਕਾਰੀ ਦੀ ਗੱਲ ਕਰੀਏ ਤਾਂ ਮੁੱਖ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਕਿਰਦਾਰ ਅਮਰ ਸਿਤਾਰਾ ਨੂੰ ਜੀਵਿਆ ਹੈ। ਉਸ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਆਪਣੇ ਕਿਰਦਾਰ ‘ਚ ਜਾਨ ਪਾਈ ਹੈ। ਅਦਾਕਾਰਾ ਨਿਮਰਤ ਖਹਿਰਾ ਨੇ ਆਪਣੀ ਮਾਸੂਮ ਦਿਖ, ਬੋਲਦੀਆਂ ਅੱਖਾਂ ਅਤੇ ਚਿਹਰੇ ਦੇ ਹਾਵਭਾਵ ਨਾਲ ਜਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਇਆ ਹੈ ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੈ। ਨਿਮਰਤ ਖਹਿਰਾ ਦੇ ਫ਼ਿਲਮੀ ਕਰੀਅਰ ਦੀ ਇਹ ਬਿਹਤਰੀਨ ਫ਼ਿਲਮ ਹੈ। ਫ਼ਿਲਮ ‘ਚ ਤੀਸਰਾ ਕਿਰਦਾਰ ਹੈ ਭੋਲਾ (ਅਦਾਕਾਰ ਰਵਿੰਦਰ ਮੰਡ) ਜੋ ਬਹੁਤ ਹੀ ਸੁਲਝਿਆ ਹੋਇਆ ਅਦਾਕਾਰ ਹੈ। ਫ਼ਿਲਮ ‘ਚ ਉਸ ਦਾ ਕਿਰਦਾਰ ਅਮਰ ਸਿਤਾਰਾ ਦੇ ਦੋਸਤ ਅਤੇ ਮਗਰੋਂ ਸੈਕਟਰੀ ਦਾ ਹੈ ਜੋ ਅਮਰ ਸਿਤਾਰੇ ਦੇ ਗਾਇਕੀ ਕਰੀਅਰ ਨੂੰ ਉੱਚੇ ਮੁਕਾਮ ‘ਤੇ ਲੈ ਕੇ ਜਾਣ ‘ਚ ਉਸ ਦੀ ਮਦਦ ਕਰਦਾ ਹੈ। ਮੰਝੇ ਹੋਏ ਅਦਾਕਾਰ ਹਰਦੀਪ ਗਿੱਲ ਨੇ ਫ਼ਿਲਮ ‘ਚ ਆਪਣੀ ਸਜੀਵ ਅਦਾਕਾਰੀ ਨਾਲ ਅੱਸੀਵਿਆਂ ਦੇ ਦੌਰ ਦੇ ਸੰਗੀਤ ਉਸਤਾਦਾਂ ਦੇ ਆਪਣੇ ਸ਼ਾਗ਼ਿਰਦਾਂ ਨੂੰ ਸੰਗੀਤ ਸਿਖਾਉਣ ਦੇ ਤਰੀਕਿਆਂ ਨੂੰ ਹੂਬਹੂ ਪੇਸ਼ ਕੀਤਾ ਹੈ। ਉਸ ਦੇ ਸ਼ਾਗਿਰਦ ਦਾ ਉਸ ਨਾਲੋਂ ਵੱਧ ਮਸ਼ਹੂਰ ਹੋਣ ਕਰ ਕੇ ਜੋ ਉਸ ਦੇ ਅੰਦਰ ਈਰਖਾ ਦਾ ਇੱਕ ਦਵੰਦ ਚੱਲਦਾ ਹੈ ਉਸ ਨੂੰ ਹਰਦੀਪ ਗਿੱਲ ਨੇ ਪਰਦੇ ‘ਤੇ ਬਾਖ਼ੂਬੀ ਪੇਸ਼ ਕੀਤਾ ਹੈ। ਫ਼ਿਲਮ ‘ਚ ਬਹੁਤ ਸਾਰੇ ਅਜਿਹੇ ਦ੍ਰਿਸ਼ ਹਨ ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂਹ ਝੰਜੋੜੀ ਜਾਂਦੀ ਹੈ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ ਜੋ ਅੱਸੀ ਦੇ ਦਹਾਕੇ ਦੀ ਯਾਦ ਦਿਵਾਉਂਦਾ ਹੈ। ਤੂੰਬੀ, ਢੋਲਕੀ, ਹਾਰਮੋਨੀਅਮ ਅਤੇ ਹੋਰ ਦੇਸੀ ਸਾਜ਼ਾਂ ਨਾਲ ਗਾਏ ਇਸ ਦੇ ਸਾਰੇ ਗੀਤ ਹੀ ਸੰਗੀਤ ਪ੍ਰੇਮੀਆਂ ਵਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ।