ਖੰਨਾ : ਖੰਨਾ ਦੇ ਸਮਰਾਲਾ ਰੋਡ ‘ਤੇ ਹਿੱਟ ਐਂਡ ਰਨ ਦਾ ਕੇਸ ਸਾਹਮਣੇ ਆਇਆ ਹੈ। ਇੱਥੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ‘ਚ ਜ਼ਖਮੀ ਹੋਏ 2 ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ 3 ਨੌਜਵਾਨ ਆਪਣੇ ਕੰਮ ‘ਤੇ ਜਾ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਉਹ ਖੰਨਾ ਤੋਂ ਸਮਰਾਲਾ ਵੱਲ ਜਾਂਦੇ ਸਮੇਂ ਸਮਰਾਲਾ ਰੋਡ ਪੁਲ ਕੋਲ ਪੁੱਜੇ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਆਲਟੋ ਕਾਰ ਦੇ ਡਰਾਈਵਰ ਨੇ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਮਗਰੋਂ ਤਿੰਨੇ ਨੌਜਵਾਨ ਸੜਕ ‘ਤੇ ਡਿੱਗ ਗਏ। ਬਚਾਅ ਇਹ ਰਿਹਾ ਕਿ ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ। ਹਿੱਟ ਕਰਨ ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉੱਥੇ ਮੌਜੂਦ ਕੁੱਝ ਲੋਕਾਂ ਨੇ ਕਾਰ ਡਰਾਈਵਰ ਨੂੰ ਫੜ੍ਹਨ ਲਈ ਪਿੱਛਾ ਕੀਤਾ ਕਿਉਂਕਿ ਡਰਾਈਵਰ ਕਾਰ ਇੱਕ ਮੁਹੱਲੇ ‘ਚ ਲੈ ਗਿਆ ਸੀ। ਉਹ ਡਰ ਦੇ ਕਾਰਨ ਕਾਰ ਨੂੰ ਇੱਕ ਘਰ ਬਾਹਰ ਖੜ੍ਹੀ ਕਰਕੇ ਆਪ ਫ਼ਰਾਰ ਹੋ ਗਿਆ।
ਦੂਜੇ ਪਾਸੇ ਹਾਦਸੇ ‘ਚ ਜਖ਼ਮੀ ਹੋਏ ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਖੰਨਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ। ਇੱਥੇ 2 ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਖੰਨਾ ਤੋਂ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਦੇ ਚਸ਼ਮਦੀਦ ਗੁਰਮੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਆਪਣੀ ਸਾਈਡ ਜਾ ਰਹੇ ਸੀ। ਇਸੇ ਦੌਰਾਨ ਸਮਰਾਲਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ।